ਪੱਤਰ ਪ੍ਰੇਰਕ
ਮਾਨਸਾ, 7 ਦਸੰਬਰ
ਪੁਲੀਸ ਵੱਲੋਂ ਕਿਸਾਨ ਜਥੇਬੰਦੀ ਦੇ ਆਗੂਆਂ ਦੀ ਤਸੱਲੀ ਨਾ ਕਰਵਾ ਸਕਣ ਦੇ ਰੋਸ ਵਜੋਂ ਅੱਜ ਲਗਾਤਾਰ ਤੀਸਰੇ ਦਿਨ ਥਾਣਾ ਸਿਟੀ-1 ਮਾਨਸਾ ਸਾਹਮਣੇ ਧਰਨਾ ਲਾਇਆ ਗਿਆ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਭਾਜਪਾ ਨੇਤਾ ਦੀ ਪਤਨੀ ਵੱਲੋਂ ਧਰਨੇ ਦੌਰਾਨ ਬੋਲਿਆ ਗਿਆ ਮੰਦ-ਚੰਗ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਖਿਲਾਫ਼ ਦਿੱਤੀ ਪੁਲੀਸ ਨੂੰ ਅਰਜ਼ੀ ਲਈ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਅੱਕ ਕੇ ਥਾਣੇ ਦਾ ਘਿਰਾਓ ਕਰਨਾ ਪੈ ਰਿਹਾ ਹੈ, ਜਿਸ ਲਈ ਪੁਲੀਸ ਵੱਲੋਂ ਸੰਤੁਸ਼ਟੀ ਕਰਵਾਉਣ ਦੀ ਥਾਂ ਉਲਟਾ ਚੁੱਪ ਧਾਰੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਐਲਾਨ ਕੀਤਾ ਕਿ ਉਹ 9 ਦਸੰਬਰ ਨੂੰ ਥਾਣੇ ਦਾ ਅਣਮਿਥੇ ਸਮੇਂ ਲਈ ਘਿਰਾਓ ਕਰਨਗੇ। ਦੂਜੇ ਪਾਸੇ ਭਾਜਪਾ ਦੇ ਸੀਨੀਅਰ ਨੇਤਾ ਸੁਮੀਰ ਛਾਬੜਾ ਨੇ ਕਿਹਾ ਕਿ ਉਹ ਵਾਰ-ਵਾਰ ਆਖ ਚੁੱਕੇ ਹਨ ਕਿ ਕਿਸਾਨ ਜਥੇਬੰਦੀ ਦੇ ਆਗੂਆਂ ਨਾਲ ਉਨ੍ਹਾਂ ਦੀ ਕੋਈ ਨਿੱਜੀ ਲੜਾਈ ਨਹੀਂ ਅਤੇ ਉਹ ਸਭ ਨਾਲ ਰਲ-ਮਿਲਕੇ ਚੱਲਣ ਦੇ ਹਮੇਸ਼ਾ ਆਦੀ ਹਨ।