ਜੋਗਿੰਦਰ ਸਿੰਘ ਮਾਨ
ਮਾਨਸਾ, 16 ਅਗਸਤ
ਸੀਪੀਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਲੋਕਤੰਤਰ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਫਿਰਕਾਪ੍ਰਸਤੀ ਤਹਿਤ ਭਾਈਚਾਰਕ ਵੰਡ ਪਾਉਣ ਵਾਲੀ ਕੇਂਦਰ ਸਰਕਾਰ ਰਾਸ਼ਟਰੀ ਤਿਰੰਗਾ ਝੰਡਾ ਵੇਚ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਧ ਰਹੀਆਂ ਤੇਲ ਕੀਮਤਾਂ ਕਾਰਨ ਮਹਿੰਗਾਈ ਅਮਰ ਵੇਲ ਵਾਂਗ ਵਧ ਰਹੀ ਹੈ ਤੇ ਮੋਦੀ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਦੀ ਬਜਾਏ ਅੰਬਾਨੀਆਂ-ਅਡਾਨੀਆਂ ਨੂੰ ਮੁਨਾਫ਼ਾ ਦੇ ਰਹੀ ਹੈ। ਉਹ ਇਥੇ ਪਾਰਟੀ ਦੇ 24ਵੇਂ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰ ਰਹੇ ਸਨ। ਇਜਲਾਸ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਸੰਪਤੀ ਨੂੰ ਕੌਡੀਆਂ ਦੇ ਭਾਅ ਲੁਟਾਉਣ ਵਿੱਚ ਮਸਰੂਫ਼ ਹੈ, ਜਦੋਂਕਿ ਪਿਛਲੇ ਸਮੇਂ ਤੋਂ ਭਾਜਪਾ ਸਰਕਾਰ ਦੇ ਕਾਰਜਕਾਲ ਦਰਮਿਆਨ ਬੇਰੁਜ਼ਗਾਰੀ ’ਚ 25% ਤੋਂ ਵੱਧ ਦਾ ਬੇਰੁਜ਼ਗਾਰੀ ਵਿੱਚ ਵਾਧਾ ਹੋ ਚੁੱਕਾ ਹੈ। ਉਦਘਾਟਨੀ ਭਾਸ਼ਣ ਮੌਕੇ ਸੂਬੇ ਵੱਲੋਂ ਜ਼ਿਲ੍ਹਾ ਨਿਗਰਾਨ ਮੈਡਮ ਕੁਸ਼ਲ ਭੌਰਾ ਨੇ ਅਵਾਮੀ ਫਰੰਟਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਔਰਤਾਂ ਨੂੰ ਬਰਾਬਰ ਦਾ ਸਮਾਜਿਕ ਸਨਮਾਨ ਦੇਣ ਸਬੰਧੀ ਪਾਰਟੀ ਨੂੰ ਵਧੇਰੇ ਧਿਆਨ ਦੇਣ ਦੀ ਅਪੀਲ ਕੀਤੀ। ਡੈਲੀਗੇਟ ਇਜਲਾਸ ਦਲਜੀਤ ਮਾਨਸ਼ਾਹੀਆ, ਮਨਜੀਤ ਗਾਮੀਵਾਲਾ ਅਤੇ ਜਗਸੀਰ ਕੁਸ਼ਲਾ ਦੇ ਪ੍ਰਧਾਨਗੀ ਮੰਡਲ ਹੇਠ ਆਰੰਭ ਹੋਇਆ। ਸਕੱਤਰ ਵੱਲੋਂ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਹਾਜ਼ਰ ਡੈਲੀਗੇਟਾਂ ਵੱਲੋਂ ਸੁਝਾਅ ਅਤੇ ਵਾਧਿਆਂ ਨਾਲ ਪਾਸ ਕੀਤੀ ਗਈ ਅਤੇ 31 ਮੈਂਬਰੀ ਜਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ।