ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 26 ਦਸੰਬਰ
ਸੂਬਾ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨਾ ਚੋਣ ਲੜੀ ਜਾਵੇਗੀ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਦੀ ਕੋਈ ਹਮਾਇਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਘਰਸ਼ ਹੀ ਇਕਲੌਤਾ ਰਾਹ ਹੈ ਜਿਸ ਨਾਲ ਹਰ ਇੱਕ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਅਤੇ ਲੋਕ ਏਕਤਾ ਨਾਲ ਹਰ ਜਿੱਤ ਪ੍ਰਾਪਤ ਹੋ ਸਕਦੀ ਹੈ ਅਤੇ ਪਿਛਲੇ ਕਿੰਨੇ ਸਮੇਂ ਤੋਂ ਵੋਟਾਂ ਪਾਉਣ ਨਾਲ ਹਰ ਇਕ ਵਰਗ ਦੀ ਕੋਈ ਭਲਾਈ ਨਹੀਂ ਹੋਈ ਨਾ ਹੀ ਕੋਈ ਹੁਣ ਹੋ ਸਕਦੀ ਹੈ ਹਰ ਸਮੱਸਿਆ ਦਾ ਹੱਲ ਏਕਤਾ ਅਤੇ ਸੰਘਰਸ਼ ਨਾਲ ਹੀ ਹੈ ਅਤੇ ਬੀਕੇਯੂ ਡਕੌਂਦਾ ਇਕ ਲੋਕਪੱਖੀ ਜਥੇਬੰਦੀ ਹੈ ਅਤੇ ਹਰ ਸਮੇਂ ਲੋਕਾਂ ਨਾਲ ਖੜੀ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਹਰ ਸਮੇਂ ਇਕੱਠ ਰੱਖਣ ਲਈ ਇਕਜੁੱਟਤਾ ਕਾਇਮ ਰੱਖੇਗੀ ਅਤੇ ਸੰਯੁਕਤ ਕਿਸਾਨ ਮੋਰਚਾ ਚੋਣਾਂ ਨਹੀਂ ਲੜੇਗਾ। ਇਸ ਪਹਿਲਾਂ ਪਿੰਡ ਚੈਨਾ ਵਿੱਚ ਯੂਨੀਅਨ ਦੀ ਪਿੰਡ ਚੈਨਾ ਇਕਾਈ ਤੇ ਪਿੰਡ ਵਾਸੀਆਂ ਵੱਲੋਂ ਡੇਰਾ ਬਾਬਾ ਬਿਸ਼ਨ ਦਾਸ ਵਿਖੇ ਦਿੱਲੀ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਅਖੰਡ ਪਾਠ ਦੇ ਭੋਗ ਪੁਆਏ ਗਏ। ਰਾਮਪੁਰਾ ਨੇ ਕਿਹਾ ਕਿ ਇਹ ਜਿੱਤ ਔਰਤਾਂ, ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਹਰ ਵਰਗ ਤੇ 700 ਦੇ ਕਰੀਬ ਸ਼ਹੀਦ ਸੰਘਰਸ਼ੀ ਯੋਧਿਆਂ ਦੇ ਯੋਗਦਾਨ ਨਾਲ ਹੋਈ ਹੈ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸੰਯੁਕਤ ਸਮਾਜ ਮੋਰਚਾ ਨਾਲ ਕੋਈ ਸਬੰਧ ਨਹੀਂ: ਢਿੱਲਵਾਂ
ਤਪਾ ਮੰਡੀ (ਪੱਤਰ ਪ੍ਰੇਰਕ): ਬੀਕੇਯੂ (ਏਕਤਾ) ਸਿੱਧੂਪੁਰ ਦੀ ਮੀਟਿੰਗ ਪਿੰਡ ਢਿੱਲਵਾਂ ਵਿਖੇ ਹੋਈ। ਜ਼ਿਲ੍ਹਾ ਪ੍ਰਧਾਨ ਬਲੌਰ ਸਿੰਘ ਢਿੱਲਵਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਸਪੱਸ਼ਟ ਕੀਤਾ ਗਿਆ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ‘ਸੰਯੁਕਤ ਸਮਾਜ ਮੋਰਚਾ’ ਦੇ ਨਾਂ ਦੀ ਸਿਆਸੀ ਪਾਰਟੀ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣ ਦੇਣ ਨਹੀਂ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਮੀਟਿੰਗ ਵਿੱਚ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ ਕਿ ਕੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਜਾਂ ਆਗੂ ਚੋਣਾਂ ਵਿਚ ਹਿੱਸਾ ਲੈਣਾ ਜਾਰੀ ਰੱਖ ਸਕਦੇ ਹਨ ਜਾਂ ਨਹੀਂ।