ਗੁਰਪ੍ਰੀਤ ਦੌਧਰ
ਅਜੀਤਵਾਲ, 12 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੱਤ ਮਜ਼ਦੂਰ ਜਥੇਬੰਦੀਆਂ ਦੇ ਪਟਿਆਲਾ ਧਰਨੇ ਦੀ ਹਮਾਇਤ ਅਤੇ 17 ਜੁਲਾਈ ਨੂੰ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਚਿਤਾਵਨੀ ਪੱਤਰ ਦੇਣ ਬਾਰੇ ਯੂਨੀਅਨ ਵੱਲੋਂ ਅੱਜ ਪਿੰਡ ਕਿਲੀ ਚਹਿਲਾਂ ਵਿਚ ਮੋਗਾ, ਜਲੰਧਰ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੀ ਮੀਟਿੰਗ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਕੀਤੀ ਗਈ। ਗੁਰਮੀਤ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਜਲੰਧਰ ਦੇ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਨਕੋਦਰ ਅਤੇ ਫ਼ਿਰੋਜ਼ਪੁਰ ਦੇ ਪ੍ਰਧਾਨ ਭਾਗ ਸਿੰਘ ਮਰਖਾਈ ਸਣੇ 40 ਔਰਤ ਆਗੂ ਤੇ ਹੋਰ ਸ਼ਾਮਲ ਹੋਏ। ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਪੰਜਾਬ ਦੀਆਂ ਸੱਤ ਪੇਂਡੂ/ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 9, 10, 11 ਅਗਸਤ ਨੂੰ ਪਟਿਆਲਾ ਵਿਚ ਲਾਏ ਜਾ ਰਹੇ ਧਰਨੇ ਦੀ ਹਮਾਇਤ ਬਾਰੇ ਜਥੇਬੰਦੀ ਦੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਗਈ। 17 ਜੁਲਾਈ ਨੂੰ ਸੰਸਦ ਮੈਂਬਰਾਂ ਨੂੰ ਮੌਨਸੂਨ ਸੰਸਦ ਇਜਲਾਸ ਦੌਰਾਨ ਕਿਸਾਨ ਮੋਰਚੇ ਦੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਬਾਰੇ ਚਿਤਾਵਨੀ ਪੱਤਰ ਦਿੱਤੇ ਜਾਣੇ ਹਨ।