ਪੱਤਰ ਪ੍ਰੇਰਕ
ਜ਼ੀਰਾ, 10 ਅਗਸਤ
ਇੱਥੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਪੰਡੋਰੀ ਖੱਤਰੀਆਂ ਵਿੱਚ ਚਿੱਪ ਵਾਲੇ ਮੀਟਰ ਪੁੱਟੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਆਗੂ ਕੁਲਦੀਪ ਸਿੰਘ ਸਨ੍ਹੇਰ ਨੇ ਦੱਸਿਆ ਕਿ ਬਿਜਲੀ ਵਿਭਾਗ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ ਪਿੰਡ ਵਿੱਚ ਚਿੱਪ ਵਾਲੇ ਮੀਟਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਮਹਿਕਮੇ ਵੱਲੋਂ ਇਹ ਕਹਿ ਕਿ ਚਿੱਪ ਵਾਲੇ ਮੀਟਰ ਲਗਾਏ ਗਏ ਹਨ ਕਿ ਪੁਰਾਣੇ ਮੀਟਰ ਰੀਡਿੰਗ ਘੱਟ ਕੱਢਦੇ ਹਨ ਅਤੇ ਨਵੇਂ ਮੀਟਰ ਰੀਡਿੰਗ ਸਹੀ ਕੱਢਣਗੇ। ਵਿਭਾਗ ਦੀ ਇਸ ਚਲਾਕੀ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਵਿਰੋਧ ਵੀ ਕੀਤਾ, ਪਰ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਬਰੀ ਮੀਟਰ ਲਗਾ ਦਿੱਤੇ ਗਏ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਪਿੰਡ ਪੰਡੋਰੀ ਖੱਤਰੀਆਂ ਵਿੱਚੋਂ ਚਿੱਪ ਵਾਲੇ ਮੀਟਰ ਪੱਟ ਕੇ ਬਿਜਲੀ ਦਫਤਰ ਵਿਖੇ ਜਮ੍ਹਾਂ ਕਰਵਾਏ ਗਏ। ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਗੁਮਰਾਹ ਕਰਕੇ ਚਿੱਪ ਵਾਲੇ ਮੀਟਰ ਲਗਾਉਣੇ ਬੰਦ ਕੀਤੇ ਜਾਣ ਨਹੀਂ ਤਾਂ ਜੱਥੇਬੰਦੀ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੌਰਾਨ ਕੁਲਦੀਪ ਸਿੰਘ ਸਨ੍ਹੇਰ ਬਲਾਕ ਆਗੂ ਜ਼ੀਰਾ,ਰਜਿੰਦਰ ਸਿੰਘ ਰਟੌਲ ਰੋਹੀ, ਦਲਵੀਰ ਸਿੰਘ ਮਨਸੂਰਵਾਲ ਕਲਾਂ, ਗੁਰਭੇਜ ਸਿੰਘ ਲੌਂਗੋਦੇਵਾ, ਨਛੱਤਰ ਸਿੰਘ, ਕਰਮ ਸਿੰਘ ਹਾਜ਼ਰ ਸਨ।