ਰਵਿੰਦਰ ਰਵੀ
ਬਰਨਾਲਾ, 29 ਮਈ
ਕਰੋਨਾ ਮਗਰੋਂ ਹੁਣ ਬਲੈਕ ਫੰਗਸ ਨੇ ਇਲਾਕੇ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਬਰਨਾਲਾ ਵਿੱਚ ਵੀ ਬਲੈਕ ਫੰਗਸ ਦੇ ਦੋ ਮਰੀਜ਼ ਸਾਹਮਣੇ ਆਏ ਹਨ। ਇਥੋਂ ਦੇ ਪ੍ਰਾਈਵੇਟ ਤੱਥਗੁਰੂ ਹਸਪਤਾਲ ਵਿੱਚ ਡਾਕਟਰ ਗਗਨਦੀਪ ਸਿੰਘ ਤੱਥਗੁਰੂ ਵੱਲੋਂ ਬਲੈਕ ਫੰਗਸ ਦੇ ਦੋਵੇਂ ਮਰੀਜ਼ਾਂ ਦਾ ਦੂਰਬੀਨ ਤਕਨੀਕ ਨਾਲ ਅਪਰੇਸ਼ਨ ਕੀਤਾ ਗਿਆ। ਦੋਵੇਂ ਮਰੀਜ਼ਾਂ ਦੀ ਅੱਖ ਦੁਆਲੇ ਫੈਲੀ ਬਲੈਕ ਫੰਗਸ ਸਾਫ਼ ਕਰਕੇ ਡਾਕਟਰ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਬਚਾਅ ਕਰ ਲਿਆ ਗਿਆ। ਮਰੀਜ਼ਾਂ ਦਾ ਅਪਰੇਸ਼ਨ ਕਰਨ ਵਾਲੇ ਈਐੱਨਟੀ ਮਾਹਿਰ ਡਾਕਟਰ ਗਗਨਦੀਪ ਸਿੰਘ ਤੱਥਗੁਰੂ ਨੇ ਦੱਸਿਆ ਕਿ ਬਲੈਕ ਫੰਗਸ ਤੋਂ ਅੱਖ ਅਤੇ ਬਾਕੀ ਅੰਗਾਂ ਨੂੰ ਬਚਾਉਣ ਲਈ ਜਲਦੀ ਅਪਰੇਸ਼ਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਗਲੇ ਹੋਏ ਮਾਸ ਨੂੰ ਕੱਢ ਨਾ ਦਿੱਤਾ ਜਾਵੇ, ਉਦੋਂ ਤੱਕ ਦਵਾਈਆਂ ਅਸਰ ਨਹੀਂ ਕਰਦੀਆਂ। ਉਨ੍ਹਾਂ ਨੇ ਦੱਸਿਆ ਕਿ ਬਲੈਕ ਫੰਗਸ ਦੇ ਦੋਵੇਂ ਮਰੀਜ਼ ਬਰਨਾਲਾ ਅਤੇ ਮੁਕਤਸਰ ਦੇ ਰਹਿਣ ਵਾਲੇ ਹਨ। ਦੋਵੇਂ ਮਰੀਜ਼ ਕਰੋਨਾ ਪਾਜ਼ੇਟਿਵ ਅਤੇ ਸ਼ੂਗਰ ਦੇ ਮਰੀਜ਼ ਹਨ ਅਤੇ ਇਨ੍ਹਾਂ ਦਾ ਸ਼ੂਗਰ ਲੈਵਲ ਵੀ 250-300 ਦੇ ਵਿਚਕਾਰ ਸੀ। ਉਨ੍ਹਾਂ ਦੱਸਿਆ ਕਿ ਅਪਰੇਸ਼ਨ ਤੋਂ ਬਾਅਦ ਦੋਵੇਂ ਮਰੀਜ਼ਾਂ ਦੇ ਲੱਗਣ ਵਾਲਾ ਟੀਕਾ ਐਮਫੋਟੈਰੇਸਿਨ-ਬੀ ਖੁੱਲੀ ਮਾਰਕੀਟ ’ਚ ਨਾ ਮਿਲਣ ਕਾਰਨ ਇਸ ਲਈ ਪੰਜਾਬ ਦੇ ਸਿਹਤ ਵਿਭਾਗ ਤੋਂ ਲੈਣ ਲਈ ਸਿਵਲ ਸਰਜਨ ਬਰਨਾਲਾ ਅਤੇ ਐੱਸਐੱਮਓ ਬਰਨਾਲਾ ਨੂੰ ਲਿਖਿਆ ਗਿਆ ਹੈ। ਟੀਕੇ ਮਿਲਣ ’ਤੇ ਅਗਲਾ ਇਲਾਜ ਸ਼ੁਰੂ ਕਰ ਦਿੱਤਾ ਜਾਵੇਗਾ।
ਅੱਖਾਂ ਤੇ ਸਿਰ ’ਚ ਦਰਦ ਤੇ ਸੁੰਨਾਪਨ ਬਿਮਾਰੀ ਦੇੋ ਲੱਛਣ: ਡਾ. ਗਗਨਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਲੈਕ ਫੰਗਸ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਬਿਮਾਰੀ ਦੇ ਸਮੇਂ ਸਿਰ ਪਤਾ ਲੱਗਣ ’ਤੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਖਾਂ ਅਤੇ ਸਿਰ ’ਚ ਦਰਦ ਹੋਣ ਅਤੇ ਇੱਕ ਪਾਸੇ ਸੁੰਨ ਜਿਹਾ ਮਹਿਸੂਸ ਹੋਣ ’ਤੇ ਮਰੀਜ਼ ਨੂੰ ਡਾਕਟਰ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ।
ਸਿਰਸਾ ਵਿੱਚ ਕਾਲੀ ਫੰਗਸ ਦੇ ਚਾਰ ਹੋਰ ਕੇਸ
ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹਾ ਸਿਰਸਾ ਵਿੱਚ ਕਾਲੀ ਫੰਗਸ ਦੇ ਚਾਰ ਹੋਰ ਕੇਸ ਸਾਹਮਣੇ ਆਏ ਹਨ। ਜ਼ਿਲ੍ਹੇ ਵਿੱਚ ਹੁਣ ਕੁੱਲ 57 ਕੇਸ ਕਾਲੀ ਫੰਗਸ ਦੇ ਹਨ ਜਿਨ੍ਹਾਂ ਚੋਂ 45 ਵਿਅਕਤੀ ਸਿਰਸਾ ਜ਼ਿਲ੍ਹੇ ਅਤੇ 12 ਵਿਅਕਤੀ ਹੋਰਨਾਂ ਥਾਵਾਂ ਨਾਲ ਸਬੰਧਤ ਹਨ। ਕਾਲੀ ਫੰਗਸ ਕਾਰਨ ਜ਼ਿਲ੍ਹੇ ਵਿੱਚ ਹੁਣ ਤੱਕ 10 ਵਿਅਕਤੀਆਂ ਦੀ ਮੌਤ ਹੋਈ ਹੈ ਜ਼ਿਨ੍ਹਾਂ ਚੋਂ 9 ਵਿਅਕਤੀ ਸਿਰਸਾ ਦੇ ਹਨ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਕਾਲੀ ਫੰਗਸ ਦੇ ਮਰੀਜ਼ਾਂ ਦੇ ਇਲਾਜ ਲਈ ਅਗਰੋਹਾ ਮੈਡੀਕਲ ਕਾਲਜ ਨੂੰ ਮੁੱਖ ਕੇਂਦਰ ਬਣਾਇਆ ਗਿਆ ਹੈ।