ਇਕਬਾਲ ਸਿੰਘ ਸ਼ਾਂਤ
ਲੰਬੀ, 6 ਨਵੰਬਰ
ਮੰਡੀ ਕਿਲਿਆਂਵਾਲੀ ਵਿਖੇ ਅੱਜ ਮਹਿੰਦੀ ਬਣਾਉਣ ਦੀ ਰਘੂਕੁੱਲ ਖਾਦੀ ਗ੍ਰਾਮ ਉਦਯੋਗ ਵਾਟਿਕਾ ਫੈਕਟਰੀ ‘ਚ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ, ਜਿਸ ਕਾਰਨ ਤਿੰਨ ਮੁਲਾਜ਼ਮ ਔਰਤਾਂ ਗੰਭੀਰ ਰੂਪ ਵਿਚ ਝੁਲਸ ਗਈਆਂ, ਜਿਨ੍ਹਾਂ ਨੂੰ ਏਮਜ਼ ਬਠਿੰਡਾ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਘਟਨਾ ਬਾਅਦ ਦੁਪਹਿਰ ਕਰੀਬ 2 ਵਜੇ ਵਾਪਰੀ।
ਮੁੱਢਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਬੱਸ ਸਟੈਂਡ ਦੇ ਸਾਹਮਣੇ ਡਾਕਖਾਨੇ ਵਾਲੀ ਗਲੀ ਵਿੱਚ ਸਥਿਤ ਫੈਕਟਰੀ ਅੰਦਰ ਮਹਿੰਦੀ ਮਿਕਸਿੰਗ ਯੂਨਿਟ ਵਿਚ ਵਾਪਰਿਆ। ਜਾਣਕਾਰੀ ਅਨੁਸਾਰ ਘਟਨਾ ਸਮੇਂ ਮਹਿੰਦੀ ਮਿਕਸਿੰਗ ਯੂਨਿਟ ਵਿਚ ਕੰਮ ਕਰ ਰਹੀਆਂ ਸੰਦੀਪ ਕੌਰ (30) ਵਾਸੀ ਪ੍ਰੇਮ ਨਗਰ ਡੱਬਵਾਲੀ, ਰੂਪਾ (22) ਅਤੇ ਸੁਨੀਤਾ (31) ਵਾਸੀ ਬਿਹਾਰ ਹਾਲ ਆਬਾਦ ਪਿੰਡ ਲੁਹਾਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ। ਉਨ੍ਹਾਂ ਕੋਲ ਮੌਜੂਦ ਰੂਪਾ ਦੀ ਨਨਾਣ ਪੁਸ਼ਪਾ ਵਾਲ-ਵਾਲ ਬਚ ਗਈ।
ਧਮਾਕਾ ਇੰਨਾ ਤੇਜ਼ ਸੀ ਕਿ ਇਸ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ਸਨਸਨੀ ਫੈਲ ਗਈ ਅਤੇ ਵੱਡੀ ਗਿਣਤੀ ਲੋਕ ਮੌਕੇ ‘ਤੇ ਪੁੱਜ ਗਏ। ਲੋਕਾਂ ਨੇ ਮਿਕਸਿੰਗ ਯੂਨਿਟ ਦਾ ਬਾਹਰੀ ਦਰਵਾਜ਼ਾ ਤੋੜ ਕੇ ਜ਼ਖ਼ਮੀ ਔਰਤਾਂ ਨੂੰ ਬਾਹਰ ਕੱਢਿਆ ਅਤੇ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਡੱਬਵਾਲੀ ਪਹੁੰਚਾਇਆ।
ਫੈਕਟਰੀ ਵਿੱਚ ਡੇਢ ਦਰਜਨ ਤੋਂ ਪਰਵਾਸੀ ਮਜ਼ਦੂਰ ਔਰਤਾਂ ਕੰਮ ਕਰਦੀਆਂ ਹਨ। ਉਹ ਘਟਨਾ ਸਮੇਂ ਪੈਕਿੰਗ ਯੂਨਿਟ ਵਿੱਚ ਦੁਪਹਿਰ ਦੇ ਖਾਣੇ ਵੇਲੇ ਆਰਾਮ ਕਰ ਰਹੀਆਂ ਸਨ ਅਤੇ ਸੁਪਰਵਾਈਜ਼ਰ ਗੁਰਪਾਲ ਸਿੰਘ ਦਫਤਰ ਵਿਚ ਬੈਠਾ ਸੀ। ਇਹ ਸਾਰੇ ਖੁਸ਼ਕਿਸਮਤੀ ਦੇ ਨਾਲ ਹਾਦਸੇ ਦੀ ਲਪੇਟ ਵਿਚ ਆਉਣ ਤੋਂ ਵਾਲ-ਵਾਲ ਬਚ ਗਏ।
ਘਟਨਾ ਦੀ ਸੂਚਨਾ ਮਿਲਣ ‘ਤੇ ਡੱਬਵਾਲੀ ਫਾਇਰ ਬ੍ਰਿਗੇਡ ਅਮਲੇ ਨੇ ਪੁੱਜ ਅੱਗ ‘ਤੇ ਕਾਬੂ ਪਾਇਆ। ਲੰਬੀ ਦੇ ਡੀਐਸਪੀ ਜਸਪਾਲ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਅਤੇ ਹਰਿਆਣਾ ਪੁਲੀਸ ਦਾ ਅਮਲਾ ਵੀ ਮੌਕੇ ‘ਤੇ ਪੁੱਜ ਗਿਆ।
ਇਕ ਔਰਤ 80 ਫ਼ੀਸਦੀ ਸੜੀ
ਸਿਵਲ ਸਿਵਿਲ ਹਸਪਤਾਲ ਡੱਬਵਾਲੀ ਦੇ ਐਸਐਮਓ ਡਾ. ਸੁਖਵੰਤ ਸਿੰਘ ਹੇਅਰ ਨੇ ਦੱਸਿਆ ਕਿ ਜ਼ਖ਼ਮੀ ਔਰਤ ਸੰਦੀਪ ਕੌਰ ਕਰੀਬ 80 ਫੀਸਦੀ ਝੁਲਸ ਗਈ ਹੈ। ਜਦਕਿ ਦੋ ਹੋਰ ਜ਼ਖਮੀ ਔਰਤਾਂ ਲਗਭਗ 60 ਫੀਸਦੀ ਝੁਲਸੀਆਂ ਹਨ। ਉਨ੍ਹਾਂ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ।
ਕੀ ਕਹਿੰਦੇ ਨੇ ਚਸ਼ਮਦੀਦ
ਮੁਹੱਲਾ ਵਾਸੀ ਭੁਪਿੰਦਰ ਸਿੰਘ ਨੇ ਖਦਸ਼ਾ ਜ਼ਾਹਰ ਕੀਤਾ ਕਿ ਫੈਕਟਰੀ ਦੇ ਬੁਆਈਲਰ ਵਿਚ ਮਹਿੰਦੀ ਵਗੈਰਾ ਫਸਣ ਕਰਕੇ ਇਹ ਧਮਾਕਾ ਹੋਇਆ। ਮੁਹੱਲਾ ਵਾਸੀ ਡੀਪੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਬੈਠੇ ਸਨ। ਤੇਜ਼ ਧਮਾਕੇ ਨਾਲ ਸਾਰੇ ਮੁਹੱਲੇ ਵਿਚ ਭਗਦੜ ਮੱਚ ਗਈ। ਜਦੋਂ ਉਨ੍ਹਾਂ ਮੌਕੇ ‘ਤੇ ਪੁੱਜ ਕੇ ਦੇਖਿਆ ਤਾਂ ਫੈਕਟਰੀ ਵਿਚੋਂ ਧੂੰਆਂ ਨਿਕਲ ਰਿਹਾ ਸੀ। ਅੰਦਰ ਜ਼ਖ਼ਮੀਆਂ ਦਾ ਚੀਕ-ਚਿਹਾੜਾ ਮੱਚਿਆ ਹੋਇਆ ਸੀ। ਚਾਰੇ ਪਾਸੇ ਅੱਗ ਫੈਲੀ ਹੋਈ ਸੀ। ਡੀਪੀ ਸਿੰਘ ਨੇ ਕਿਹਾ ਕਿ ਫੈਕਟਰੀ ਅੰਦਰ ਰੱਖੇ ਅੱਗ ਬੁਝਾਊ ਯੰਤਰਾਂ ਨਾਲ ਉਨ੍ਹਾਂ ਮੁਹੱਲਾ ਵਾਸੀਆਂ ਦੀ ਮਦਦ ਨਾਲ ਅੱਗ ਨੂੰ ਅਗਾਂਹ ਵਧਣ ਤੋਂ ਰੋਕਿਆ। ਇਸ ਮਗਰੋਂ ਇੱਕ ਦਰਵਾਜ਼ਾ ਤੋੜ ਕੇ ਜ਼ਖ਼ਮੀ ਔਰਤਾਂ ਨੂੰ ਬਾਹਰ ਕੱਢਿਆ ਗਿਆ।
ਮੁਹੱਲਾ ਵਾਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਾਲ ਉਸ ਦੀ ਕੋਠੀ ਦੇ ਸ਼ੀਸ਼ੇ ਅਤੇ ਦਰਵਾਜ਼ੇ ਤੱਕ ਹਿੱਲ ਗਏ। ਮੁਹੱਲਾ ਵਾਸੀਆਂ ਨੇ ਆਖਿਆ ਕਿ ਇਹ ਮਹਿੰਦੀ ਪ੍ਰੋਜੈਕਟ ਕਰੀਬ ਡੇਢ ਦਹਾਕੇ ਤੋਂ ਚੱਲ ਰਿਹਾ ਹੈ। ਇੱਥੇ ਪਹਿਲਾਂ ਕਦੇ ਅਜਿਹੇ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਡੀਐੱਸਪੀ ਦਾ ਬਿਆਨ
ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਨੂੰ ਦਸਤਾਵੇਜ਼ਾਂ ਸਮੇਤ ਬੁਲਾਇਆ ਗਿਆ ਹੈ। ਜਾਂਚ ਮਗਰੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।