ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਜੁਲਾਈ
ਕਰੀਬ ਇੱਕ ਹਫ਼ਤਾ ਪਹਿਲਾਂ ਪਿੰਡ ਕੜਮਾ ਕੋਲੋਂ ਲੰਘਦੀ ਲਛਮਣ ਨਹਿਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਮਾਮਲੇ ਨੂੰ ਪੁਲੀਸ ਨੇ ਸੁਲਝਾ ਲਿਆ ਹੈ। ਇਹ ਲਾਸ਼ ਪਿੰਡ ਨਵਾਂ ਬਾਰੇ ਕੇ ਵਾਲੀ ਫੁੰਮਣ ਸਿੰਘ ਦੀ ਸੀ ਜੋ ਆਪਣੇ ਪਰਿਵਾਰ ਸਮੇਤ ਇੱਕ ਭੱਠੇ ’ਤੇ ਕੰਮ ਕਰਦਾ ਸੀ। ਲਾਸ਼ ਮਿਲਣ ਤੋਂ ਬਾਅਦ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਮਮਦੋਟ ਵਿੱਚ ਕੇਸ ਦਰਜ ਕਰ ਕੇ ਤਫ਼ਤੀਸ਼ ਆਰੰਭ ਕੀਤੀ ਸੀ।
ਐੱਸਐੱਸਪੀ ਭਗੀਰਥ ਸਿੰਘ ਮੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਗੁਰਚਰਨ ਸਿੰਘ ਵਾਸੀ ਲੱਖਾ ਹਾਜੀ, ਬਲਦੇਵ ਸਿੰਘ ਵਾਸੀ ਨਿੱਕਾ ਸਿੱਧੂ ਵਾਲਾ ਜਲਾਲਾਬਾਦ, ਕੁਲਵੰਤ ਸਿੰਘ ਵਾਸੀ ਬਸਤੀ ਚੰਡੀਗੜ੍ਹ ਜਲਾਲਾਬਾਦ ਅਤੇ ਗੁਰਦੇਵ ਸਿੰਘ ਵਾਸੀ ਰਹੀਮੇ ਸ਼ਾਹ ਬੋਦਲਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਇੱਕ ਹਥੌੜਾ, ਫੁੰਮਣ ਸਿੰਘ ਦਾ ਮੋਟਰਸਾਈਕਲ, ਇੱਕ ਦੇਸੀ ਕੱਟਾ ਅਤੇ ਚਾਰ ਰੌਂਦ ਬਰਾਮਦ ਹੋਏ ਹਨ। ਐੱਸਐੱਸਪੀ ਨੇ ਦੱਸਿਆ ਕਿ ਫੁੰਮਣ ਸਿੰਘ ਦੇ ਨਾਲ ਕੁਲਵੰਤ ਸਿੰਘ ਵੀ ਉਸੇ ਭੱਠੇ ’ਤੇ ਕੰਮ ਕਰਦਾ ਸੀ ਤੇ ਕੁਲਵੰਤ ਸਿੰਘ ਦੇ ਫੁੰਮਣ ਸਿੰਘ ਦੀ ਪਤਨੀ ਕੈਲਾਸ਼ ਕੌਰ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਕੁਲਵੰਤ ਸਿੰਘ ਉਸ ਨੂੰ ਆਪਣੇ ਰਸਤੇ ਵਿੱਚੋਂ ਹਟਾਉਣਾ ਚਾਹੁੰਦਾ ਸੀ। ਵਾਰਦਾਤ ਵਾਲੇ ਦਿਨ ਕੁਲਵੰਤ ਸਿੰਘ ਨੇ ਫੁੰਮਣ ਸਿੰਘ ਨੂੰ ਗੁਰਚਰਨ ਸਿੰਘ ਦੇ ਘਰ ਬੁਲਾਇਆ ਤੇ ਉਸ ਨੂੰ ਨੀਂਦ ਦੀ ਦਵਾਈ ਪਿਆ ਕੇ ਉਸਦੇ ਸੱਟਾਂ ਮਾਰੀਆਂ। ਬਾਅਦ ਵਿੱਚ ਦੂਜੇ ਸਾਥੀਆਂ ਦੀ ਮਦਦ ਨਾਲ ਉਸ ਨੂੰ ਮੋਟਰਸਾਈਕਲ ਸਮੇਤ ਲਛਮਣ ਨਹਿਰ ਵਿੱਚ ਸੁੱਟ ਦਿੱਤਾ। ਐੱਸਐੱਸਪੀ ਨੇ ਦੱਸਿਆ ਕਿ ਪੁਲੀਸ ਇਸ ਵਾਰਦਾਤ ਵਿੱਚ ਫੁੰਮਣ ਸਿੰਘ ਦੀ ਪਤਨੀ ਦੀ ਭੂਮਿਕਾ ਜਾਣਨ ਦੀ ਕੋਸ਼ਿਸ਼ ਵੀ ਕਰ ਰਹੀ ਹੈ। ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।