ਨਿੱਜੀ ਪੱਤਰ ਪ੍ਰੇਰਕ
ਮੋਗਾ, 18 ਸਤੰਬਰ
ਨਾਵਲਕਾਰ ਕ੍ਰਿਸ਼ਨ ਪ੍ਰਤਾਪ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਸਕੂਲ ’ਚ ਸਟਾਫ਼ ਸਾਹਮਣੇ ਕਥਿਤ ਮੰਦੀ ਭਾਸ਼ਾ ਦੀ ਵਰਤੋਂ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਥੇਬੰਦੀ ਵੱਲੋਂ ਵੋਟਰ ਸੁਧਾਈ ਆਦਿ ਕੰਮ ਦਾ ਡੋਰ ਟੂ ਡੋਰ ਸਰਵੇ ਦੇ ਬਾਈਕਾਟ ਕਰਨ ਨਾਲ ਪ੍ਰਸ਼ਾਸਨ ਦੀ ਵੀ ਮੁਸੀਬਤ ਵਧ ਗਈ ਹੈ।
ਬੀਐੱਲਓ ਯੂਨੀਅਨ ਪ੍ਰਧਾਨ ਤੇ ਨਾਵਲਕਾਰ ਕ੍ਰਿਸ਼ਨ ਪ੍ਰਤਾਪ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਸੁਸ਼ੀਲ ਨਾਥ ਵੱਲੋਂ ਸਕੂਲ ਦੀ ਚੈਕਿੰਗ ਬਹਾਨੇ ਉਸ ਨਾਲ ਸਕੂਲ ’ਚ ਸਟਾਫ਼ ਸਾਹਮਣੇ ਬੀਐੱਲਓ ਜਥੇਬੰਦੀ ਦੀਆਂ ਮੰਗਾਂ ਪ੍ਰਤੀ ਰੰਜਿਸ਼ ਤਹਿਤ ਬੁਰਾ ਵਰਤਾਓ ਕਰਨ ਦਾ ਦੋਸ਼ ਲਾਇਆ ਹੈ। ਜਥੇਬੰਦੀ ਵੱਲੋਂ ਜ਼ਿਲ੍ਹਾ ਸਕੱਤਰੇਤ ਸਥਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਤੋਂ ਬਾਅਦ ਐੱਸਡੀਐੱਮ ਸਤਵੰਤ ਸਿੰਘ ਤੇ ਤਹਿਸੀਲਦਾਰ ਪਵਨ ਗੁਲਾਟੀ ਨੇ ਜਥੇਬੰਦੀ ਦੀ ਡੀਸੀ ਸੰਦੀਪ ਹੰਸ ਨਾਲ ਮੁਲਾਕਾਤ ਕਰਵਾਈ। ਕਰੀਬ ਪੌਣਾ ਘੰਟਾ ਚੱਲੀ ਮੀਟਿੰਗ ਵਿੱਚ ਡੀਸੀ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਸਿੱਖਿਆ ਵਿਭਾਗ ਤੋਂ ਬਿਨਾਂ ਬਾਕੀ ਵਿਭਾਗਾਂ ਦੇ ਬੀ.ਐੱਲ.ਓ. ਨੂੰ ਪਿੱਤਰੀ ਵਿਭਾਗ ਤੋਂ ਫਾਰਗ ਕਰਵਾ ਕੇ ਡੋਰ-ਟੂ-ਡੋਰ ਸਰਵੇ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਜਲਦੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਮਸਲਾ ਹੱਲ ਕਰ ਕੇ ਦੁਬਾਰਾ ਮੀਟਿੰਗ ਕਰਨ ਦਾ ਵੀ ਭਰੋਸਾ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕੋਈ ਵੀ ਅਧਿਕਾਰੀ ਬੀਐੱਲਓ ਨਾਲ ਗਲਤ ਵਿਵਹਾਰ ਨਹੀਂ ਕਰੇਗਾ ਅਤੇ ਬੀਐੱਲਓਜ਼ ਤੋਂ ਸਹਿਯੋਗ ਮੰਗਿਆ।
ਇਸ ਮੌਕੇ ਜਥੇਬੰਦੀ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਜਿੰਨਾ ਚਿਰ ਉਨ੍ਹਾਂ ਨੂੰ ਪਿੱਤਰੀ ਵਿਭਾਗਾਂ ਤੋਂ ਫ਼ਾਰਗ ਨਹੀਂ ਕਰਵਾਇਆ ਜਾਂਦਾ, ਓਨਾ ਚਿਰ ਡੋਰ ਟੂ ਡੋਰ ਸਰਵੇਖਣ ਦਾ ਕੰਮ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਕੋਈ ਅਧਿਕਾਰੀ ਕਿਸੇ ਵੀ ਕਰਮਚਾਰੀ ਨਾਲ ਅਜਿਹਾ ਦੁਰਵਿਹਾਰ ਕਰੇਗਾ ਤਾਂ ਉਸ ਦਾ ਘਿਰਾਓ ਵੱਡੇ ਪੱਧਰ ਤੇ ਕੀਤਾ ਜਾਵੇਗਾ ।
ਇਸ ਮੌਕੇ ਭਰਾਤਰੀ ਜਥੇਬੰਦੀਆਂ ਡੀਟੀਐੱਫ, ਕੰਪਿਊਟਰ ਅਧਿਆਪਕ ਯੂਨੀਅਨ,ਗੌਰਮਿੰਟ ਟੀਚਰ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ ਮੋਗਾ, ਮਿਉਂਸਿਪਲ ਐਂਪਲਾਈਜ਼ ਫੈੱਡਰੇਸ਼ਨ ਨਗਰ ਨਿਗਮ, ਆਈਟੀਆਈ ਐਂਪਲਾਈਜ਼ ਯੂਨੀਅਨ ਪੰਜਾਬ, ਈਟੀਟੀ ਅਧਿਆਪਕ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਵੱਡੀ ਗਿਣਤੀ ਵਿੱਚ ਬੀਐੱਲਓ ਹਾਜ਼ਰ ਸਨ।