ਨਿਰੰਜਣ ਬੋਹਾ
ਬੋਹਾ, 2 ਸਤੰਬਰ
ਭਾਵੇਂ ਕਸਬਾ ਬੋਹਾ ਗਰਾਮ ਪੰਚਾਇਤ ਦੇ ਥਾਂ ਨਗਰ ਪੰਚਾਇਤ ਦੇ ਪ੍ਰਸ਼ਾਸਨ ਦੇ ਅਧੀਨ ਆ ਕੇ ਹੁਣ ਸ਼ਹਿਰ ਦਾ ਦਰਜਾ ਪ੍ਰਾਪਤ ਕਰ ਚੁੱਕਾ ਹੈ ਪਰ ਇਸ ਨੂੰ ਸ਼ਹਿਰ ਦਾ ਦਰਜ਼ਾ ਮਿਲੇ ਨੂੰ ਅੱਠ ਸਾਲ ਬੀਤ ਜਾਣ ਤੋਂ ਬਾਅਦ ਵੀ ਇੱਥੇ ਦੇ ਲੋਕਾਂ ਨੂੰ ਸ਼ਹਿਰੀ ਸਹੂਲਤਾਂ ਨਸੀਬ ਨਹੀਂ ਹੋਈਆਂ। ਇੱਥੋਂ ਦੇ ਬੱਸ ਅੱਡੇ ਨੂੰ ਕਿਸੇ ਛੋਟੇ ਤੋਂ ਛੋਟੇ ਪਿੰਡ ਦੇ ਬੱਸ ਅੱਡੇ ਵਾਲੀਆਂ ਵੀ ਸਹੂਲਤਾਂ ਨਹੀਂ ਮਿਲੀਆਂ ਹਨ। ਭਾਵੇਂ ਇੱਥੇ ਬੱਸਾਂ ਦੇ ਖੜ੍ਹਣ ਲਈ ਕੱਚੇ ਫਰਸ਼ ਵਾਲੀ ਥੋੜ੍ਹੀ ਜਿਹੀ ਥਾਂ ਛੱਡੀ ਹੋਈ ਹੈ ਪਰ ਇਸ ਥਾਂ ’ਤੇ ਸਿਰਫ ਟੈਕਸੀ ਸਟੈਂਡ ਵਾਲੀਆਂ ਕਾਰਾਂ ਜਾਂ ਨੇੜਲੇ ਪਿੰਡਾਂ ਨੂੰ ਜਾਣ ਵਾਲੀਆਂ ਮਿਨੀ ਬੱਸਾਂ ਹੀ ਖੜ੍ਹਦੀਆਂ ਹਨ। ਪੈਪਸੂ ਰੋਡਵੇਜ਼ ਤੇ ਹੋਰ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਰਤੀਆਂ-ਬੁਢਲਾਡਾ ਮੁੱਖ ਸੜਕ ’ਤੇ ਖੜ੍ਹ ਕੇ ਹੀ ਸਵਾਰੀਆਂ ਉਤਾਰਦੀਆਂ ਤੇ ਚੜ੍ਹਾਉਂਦੀਆਂ ਹਨ। ਸੜਕ ਦੇ ਦੋਵਾਂ ਪਾਸੇ ਬੱਸਾਂ ਖੜ੍ਹਣ ਕਰਕੇ ਸੜਕੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਅਕਸਰ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਸਵਾਰੀਆਂ ਦੇ ਬੈਠਣ ਲਈ ਨਾ ਤਾਂ ਕੋਈ ਛਾਂਦਾਰ ਸ਼ੈੱਡ ਹੈ ਤੇ ਨਾ ਹੀ ਪੀਣ ਲਈ ਪਾਣੀ ਦਾ ਪ੍ਰਬੰਧ ਹੈ। ਸਮਾਜ ਸੇਵੀ ਗਗਨਦੀਪ ਸਿੰਘ ਮਹੇਸ਼ ਕੁਮਾਰ ਕੁਮਾਰ ਨੇ ਪੰਜਾਬ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਅੱਡੇ ਦੇ ਫਰਸ਼ ਨੂੰ ਪੱਕਾ ਕਰਕੇ ਸਾਰੀਆਂ ਬੱਸਾਂ ਦਾ ਬੱਸ ਅੱਡੇ ਅੰਦਰ ਦਾਖ਼ਲਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਵਾਰੀਆਂ ਦੇ ਬੈਠਣ ਲਈ ਆਧੁਨਿਕ ਸਹੂਲਤਾਂ ਵਾਲਾ ਵੱਡਾ ਸ਼ੈੱਡ ਬਣਾਉਣ, ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਦੇ ਖੜ੍ਹਣ ਲਈ ਥਾਂ ਨਿਰਧਾਰਿਤ ਕਰਨ ਅਤੇ ਯਾਤਰੀਆਂ ਦੀ ਸਹੂਲਤ ਲਈ ਬੱਸਾਂ ਦਾ ਟਾਈਮ ਟੇਬਲ ਲਾਉਣ ਦੀ ਵੀ ਮੰਗ ਕੀਤੀ ਹੈ।