ਪੱਤਰ ਪ੍ਰੇਰਕ
ਬੋਹਾ, 7 ਸਤੰਬਰ
ਬੋਹਾ ਸ਼ਹਿਰ ਵਿੱਚ ਅੱਜ ਭਾਰੀ ਮੀਂਹ ਕਾਰਨ ਜਿਥੇ ਸ਼ਹਿਰ ਜਲਥਲ ਹੋ ਗਿਆ ਉੱਥੇ ਸ਼ਹਿਰ ਦੇ ਮਾਡਲ ਟਾਊਨ ਵਜੋਂ ਜਾਣਿਆ ਜਾਂਦਾ ਵਾਰਡ ਨੰਬਰ 11 ਤਾਂ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ। ਇਥੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ। ਸ਼ਹਿਰ ਦੇ ਪ੍ਰਵੇਸ਼ ਦੁਆਰ ਬਣੇ ਸ਼ਹੀਦ ਅਮਰੀਕ ਸਿੰਘ ਗੇਟ ਵਾਲੀ ਸੜਕ ’ਤੇ ਸਥਿਤ ਸਰਕਾਰੀ ਸੈਕੰਡਰੀ ਸਕੂਲ ਕੁੜੀਆਂ ਤੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੜਕ ’ਤੇ ਪਾਣੀ ਖੜ੍ਹ ਜਾਣ ਨਾਲ ਛੁੱਟੀ ਤੋਂ ਬਾਅਦ ਘਰ ਜਾਣ ਵੇਲੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਾਰਡ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ਦੀਆਂ ਨੀਹਾਂ ਕਰੇਨ ਸਿਸਟਮ ਰਾਹੀਂ ਉੱਪਰ ਚੁੱਕਵਾਂ ਕੇ ਬਰਸਾਤੀ ਪਾਣੀ ਤੋਂ ਬਚਾਅ ਲਈ ਅਗਾਊਂ ਇੰਤਜ਼ਾਮ ਕੀਤੇ ਹੋਏ ਹਨ ਪਰ ਜਿਹੜੇ ਵਾਰਡ ਵਾਸੀ ਅਜਿਹਾ ਨਹੀਂ ਕਰ ਸਕੇ ਬਰਸਾਤੀ ਪਾਣੀ ਉਹਨਾਂ ਘਰਾਂ ਵਿਚ ਦੋ- ਦੋ ਫੁੱਟ ਤੱਕ ਪ੍ਰਵੇਸ਼ ਕਰ ਗਿਆ ਹੈ। ਵਾਰਡ ਵਾਸੀ ਰਾਮ ਨਾਥ, ਪ੍ਰੇਮ ਕੁਮਾਰ ਸੁਰਿੰਦਰ ਕੁਮਾਰ ਤੇ ਵਿਪੇਸ਼ ਕੁਮਾਰ ਨੇ ਕਿਹਾ ਕਿ ਨਗਰ ਪੰਚਾਇਤ ਵੱਲੋਂ ਕੀਤੇ ਪ੍ਰਬੰਧਾਂ ਕਾਰਨ ਬਰਸਾਤ ਪੈਣ ’ਤੇ ਇਸ ਵਾਰਡ ਵਿਚੋਂ ਪਾਣੀ ਦੀ ਨਿਕਾਸੀ ਪਹਿਲਾਂ ਨਾਲ ਛੇਤੀ ਹੋਣ ਲੱਗ ਪਈ ਹੈ ਪਰ ਇਸ ਨਕਾਸੀ ਲਈ ਕੋਈ ਪੱਕਾ ਹੱਲ ਨਾ ਕੀਤੇ ਜਾਣ ਹਰ ਬਰਸਾਤ ਦੀ ਸਾਰੀ ਰੁੱਤ ਦੌਰਾਨ ਲੋਕਾਂ ਦੇ ਸਾਹ ਸੁੱਕੇ ਰਹਿੰਦੇ ਹਨ।