ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 7 ਸਤੰਬਰ
‘ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ’ ਦੇ ਸਾਬਕਾ ਰਜਿਸਟਰਾਰ ਅਤੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਸਾਬਕਾ ਸਲਾਹਕਾਰ ਡਾਕਟਰ ਪਿਆਰੇ ਲਾਲ ਗਰਗ ਨੇ ਇਥੇ ਡਾਕਟਰ ਸੀਮਾ ਗੋਇਲ ਵੱਲੋਂ ਲਿਖੀ ਪੁਸਤਕ ‘ਵਿਹਾਰਕ ਗਿਆਨ ਇੰਟਰਨਸ਼ਿਪ ਬੋਰਡ’ ਰਿਲੀਜ਼ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਵਿਹਾਰਕ ਪੰਜਾਬ ਦਾ ਅਰਥਚਾਰਾ ਕਮਜ਼ੋਰ ਹੋਣ ਦੀ ਵਜ੍ਹਾ ਵਿਹਾਰਕ ਗਿਆਨ ਦੀ ਘਾਟ ਹੈ ਕਿਉਂਕਿ ਬਹੁਤੇ ਉੱਚ ਅਫਸਰ ਕਾਗਜ਼ੀ ਨੀਤੀਆਂ ਤਾਂ ਬਣਾ ਲੈਂਦੇੇ ਹਨ ਪਰ ਅਮਲੀ ਰੂਪ ਵਿੱਚ ਲਾਗੂ ਨਹੀਂ ਕਰ ਸਕਦੇ। ਪਰ ਇਹ ਵਿਹਾਰਕ ਗਿਆਨ ਸਿਲੇਬਸ ਦੀਆਂ ਕਿਤਾਬਾਂ ’ਚੋ ਨਹੀਂ ਮਿਲਦਾ ਸਗੋਂ ਆਮ ਲੋਕਾਂ ’ਚ ਵਿਚਰਿਆਂ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਵਾਲ ਕਰਨੇ ਬਹੁਤ ਜ਼ਰੂਰੀ ਹਨ ਜਿਹੜਾ ਵਿਦਿਆਰਥੀ ਅਧਿਆਪਕ ਨੂੰ ਸਵਾਲ ਨਹੀ ਕਰਦਾ ਉਹ ਵੱਡਾ ਹੋ ਕੇ ਦੇਸ਼ ਦੇ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਨੂੰ ਸਵਾਲ ਕਿਵੇਂ ਕਰੇਗਾ। ਇਸ ਦੌਰਾਨ ਮੁਕਤਸਰ ਵਾਸੀਆਂ ਵੱਲੋਂ ‘ਵਿਹਾਰਕ ਗਿਆਨ ਇੰਟਰਨਸ਼ਿਪ ਬੋਰਡ’ ਕਿਤਾਬ ਸਕੂਲੀ ਸਿਲੇਬਸ ਵਿੱਚ ਲਾਉਣ ਸਬੰਧੀ ਉਨ੍ਹਾਂ ਨੂੰ ਇਕ ਮੰਗ ਪੱਤਰ ਵੀ ਦਿੱਤਾ। ਇਸ ਦੌਰਾਨ ਡਾ: ਪਰਮਜੀਤ ਸਿੰਘ ਢੀਂਗਰਾ, ਲੇਖਿਕਾ ਡਾਕਟਰ ਸੀਮਾ ਗੋਇਲ, ਪ੍ਰੋ. ਨਿਤਨੇਮ ਸਿੰਘ, ਐਡਵੋਕੇਟ ਇਕਬਾਲ ਸਿੰਘ ਬੁੱਟਰ, ਨਵਦੀਪ ਸੁੱਖੀ, ਪ੍ਰਿੰਸੀਪਲ ਜਸਵੰਤ ਸਿੰਘ, ਪ੍ਰਿੰਸੀਪਲ ਗੁਰਵੀਨ ਬਰਾੜ ਨੇ ਵੀ ਸੰਬੋਧਨ ਕੀਤਾ।