ਪੱਤਰ ਪ੍ਰੇਰਕ
ਭਗਤਾ ਭਾਈ, 20 ਦਸੰਬਰ
ਕਹਾਣੀਕਾਰ ਮਰਹੂਮ ਭੂਰਾ ਸਿੰਘ ਕਲੇਰ ਦੀਆਂ ਸਮੁੱਚੀਆਂ ਕਹਾਣੀਆਂ ਦੀ ਕਿਤਾਬ ਸਾਹਿਤਕ ਮੰਚ ਭਗਤਾ ਵੱਲੋਂ ਸਮੀਖਿਆਕਾਰ ਨਿਰੰਜਨ ਬੋਹਾ ਦੀ ਪ੍ਰਧਾਨਗੀ ਤੇ ਵਿਸ਼ੇਸ਼ ਮਹਿਮਾਨ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਐਗਜੈਕਟਿਵ ਮੈਂਬਰ ਬੂਟਾ ਸਿੰਘ ਚੌਹਾਨ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਵਿੱਚ ਕਰਵਾਏ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ।
ਮੰਚ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਤੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲਛਮਣ ਸਿੰਘ ਮਲੂਕਾ, ਸੁਖਨੈਬ ਸਿੱਧੂ (ਪੂਹਲਾ), ਪੱਤਰਕਾਰ ਗੁਰਦਰਸ਼ਨ ਲੁੱਧੜ, ਗ਼ਜ਼ਲਗੋ ਕੁਲਦੀਪ ਸਿੰਘ ਬੰਗੀ ਤੇ ਹਰਬੰਸ ਸਿੰਘ ਸਿੱਧੂ ਨੇ ਸ੍ਰੀ ਕਲੇਰ ਦੇ ਸਾਹਿਤਕ ਸਫ਼ਰ ਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਵਿਸ਼ਿਆਂ ਬਾਰੇ ਚਰਚਾ ਕੀਤੀ। ਸ੍ਰੀ ਕਲੇਰ ਦੇ ਫਰਜ਼ੰਦ ਤੇ ਫਿਲਮ ਨਿਰਦੇਸ਼ਕ ਬੀ ਕੇ ਸਾਗਰ ਨੇ ਉਨ੍ਹਾਂ ਦੀਆਂ ਕਹਾਣੀਆਂ ’ਤੇ ਬਣ ਰਹੀਆਂ ਦੋ ਫਿਲਮਾਂ ਬਾਰੇ ਜ਼ਿਕਰ ਕੀਤਾ। ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਕਹਾਣੀਕਾਰ ਕਲੇਰ ਦੇ 4 ਕਹਾਣੀ ਸੰਗ੍ਰਹਿ ‘ਪੰਛੀਆਂ ਦੇ ਆਲ੍ਹਣੇ’, ‘ਟੁੱਟੇ ਪੱਤੇ’, ‘ਤਿਹਾਇਆ ਰੁੱਖ’ ਅਤੇ ‘ਬੇਗਮ ਫ਼ਾਤਿਮਾ’ ਨੂੰ ਉਨ੍ਹਾਂ ਦੀ ਬੇਟੀ ਅੰਮ੍ਰਿਤਪਾਲ ਕਲੇਰ ਚੀਦਾ ਨੇ ਇੱਕ ਜਿਲਦ ਵਿੱਚ ਸੰਪਾਦਤ ਕਰ ਕੇ ਵੱਡਮੁੱਲਾ ਕਾਰਜ ਕੀਤਾ ਹੈ। ਮੰਚ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਤੇ ਮੀਤ ਪ੍ਰਧਾਨ ਸੁਖਵਿੰਦਰ ਚੀਦਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਣਬੀਰ ਰਾਣਾ, ਕਾ. ਜਰਨੈਲ ਭਾਈਰੂਪਾ, ਵੀਰਪਾਲ ਭਗਤਾ, ਦਵੀ ਸਿੱਧੂ, ਨਛੱਤਰ ਸਿੰਘ ਧੰਮੂ, ਆਗਾਜ਼ਵੀਰ, ਪ੍ਰਿੰਸੀਪਲ ਹੰਸ ਸੋਹੀ, ਜਸਵੀਰ ਕਲਿਆਣ, ਸੋਹਣ ਕੇਸਰਵਾਲੀਆ, ਨਛੱਤਰ ਸਿੰਘ ਸਿੱਧੂ, ਤਰਸੇਮ ਗੋਪੀ ਕਾ ਅਤੇ ਸੀਰਾ ਗਰੇਵਾਲ ਰੌਂਤਾ ਹਾਜ਼ਰ ਸਨ।