ਪੱਤਰ ਪ੍ਰੇਰਕ
ਸ਼ਹਿਣਾ, 2 ਨਵੰਬਰ
ਪਿੰਡ ਮੌੜ ਨਾਭਾ ’ਚ ਗਊ ਮਾਸ ਸਪਲਾਈ ਕਰਨ ਵਾਲੇ ਆਸ਼ੂ ਖਾਨ ਦੀ ਜ਼ਮਾਨਤ ’ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਉਸ ਨੂੰ ਪਿੰਡ ਛੱਡਣ ਲਈ ਕਿਹਾ ਹੈ ਅਤੇ ਉਸ ਦਾ ਬਾਈਕਾਟ ਕੀਤਾ ਹੈ। ਜ਼ਿਕਰਯੋਗ ਹੈ ਕਿ 14 ਅਕਤੂਬਰ ਨੂੰ ਪਿੰਡ ਦੇ ਲੋਕਾਂ ਨੇ ਗਊਆਂ ’ਤੇ ਜ਼ੁਲਮ ਕਰਦਿਆਂ ਆਸ਼ੁੂ ਖਾਨ ਨੂੰ ਫੜਿਆ ਸੀ। ਥਾਣਾ ਸ਼ਹਿਣਾ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਜੇਲ੍ਹ ਭੇਜ ਦਿੱਤਾ ਸੀ ਅਤੇ 10 ਦਿਨ ਪਿੱਛੋਂ ਉਸ ਦੀ ਜ਼ਮਾਨਤ ਹੋ ਗਈ ਹੈ। ਇਸ ’ਤੇ ਪਿੰਡ ’ਚ ਲੋਕਾਂ ਦਾ ਇਕੱਠ ਹੋਇਆ ਜਿਸ ’ਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ। ਲੋਕਾਂ ਨੇ ਕਿਹਾ ਕਿ ਆਸ਼ੂ ਖਾਨ ਕਈ ਸਾਲਾਂ ਤੋਂ ਪਿੰਡ ’ਚ ਰਹਿ ਰਿਹਾ ਹੈ ਅਤੇ ਉਸ ਨੇ ਸਮੁੱਚੀ ਮਨੁੱਖਤਾਂ ਨੂੰ ਅਜਿਹੇ ਕੰਮ ਕਰਕੇ ਠੇਸ ਪਹੁੰਚਾਈ ਹੈ। ਲੋਕਾਂ ਨੇ ਉਸ ਦੇ ਪਰਿਵਾਰ ਨੂੰ ਉਕਤ ਫੈਸਲੇ ਬਾਰੇ ਸੂਚਨਾ ਦੇ ਦਿੱਤੀ ਹੈ।