ਪੱਤਰ ਪ੍ਰੇਰਕ
ਮਾਨਸਾ, 1 ਜੂਨ
ਬਠਿੰਡਾ ਲੋਕ ਸਭਾ ਹਲਕੇ ਅਧੀਨ ਮਾਨਸਾ ਜ਼ਿਲ੍ਹੇ ਦੇ ਪਿੰਡ ਅਹਿਮਦਪੁਰ ਵਿਖੇ ਦੋਹਰੇ ਕਤਲ ਮਾਮਲੇ ’ਚ ਪਿੰਡ ਦੇ ਲੋਕਾਂ ਵੱਲੋਂ ਵੋਟਾਂ ਦਾ ਬਾਈਕਾਟ ਕਰਦਿਆਂ ਪੋਲਿੰਗ ਬੂਥਾਂ ਬਾਹਰ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਪਿੰਡ ’ਚ ਬਣੇ 4 ਬੂਥ ਕੇਂਦਰਾਂ ’ਤੇ 5 ਵਜੇ ਤੱਕ 3634 ਵੋਟਾਂ ’ਚੋ 173 ਵੋਟਾਂ (4 ਪ੍ਰਤੀਸ਼ਤ) ਹੀ ਵੋਟਾਂ ਪੋਲ ਹੋਈਆਂ। ਇੱਥੋਂ ਤੱਕ ਕਿ ਬੂਥ ਕੇਂਦਰਾਂ ’ਚ ਕਿਸੇ ਵੀ ਸਿਆਸੀ ਪਾਰਟੀ ਦਾ ਪੋਲਿੰਗ ਏਜੰਟ ਨਹੀਂ ਦੇਖਿਆ ਗਿਆ। ਪਿੰਡ ਦੇ ਲੋਕਾਂ ਨੂੰ ਸ਼ਾਂਤ ਕਰਨ ਲਈ ਸਹਾਇਕ ਰਿਟਰਨਿੰਗ ਅਫ਼ਸਰ ਐੱਸਡੀਐੱਮ ਬੁਢਲਾਡਾ ਗਗਨਦੀਪ ਸਿੰਘ ਅਤੇ ਡੀਐੱਸਪੀ ਬੁਢਲਾਡਾ ਮਨਜੀਤ ਸਿੰਘ ਔਲਖ ਬੇਸ਼ੱਕ ਲੰਬਾ ਸਮਾਂ ਲੋਕਾਂ ਨੂੰ ਸਮਝਾਉਂਦੇ ਰਹੇ ਅਤੇ ਵੋਟ ਪਾਉਣ ਲਈ ਵੋਟਰਾਂ ਨੂੰ ਬੂਥਾਂ ਤੱਕ ਪਹੁੰਚਾਉਣ ਲਈ ਅਪੀਲਾਂ-ਦਲੀਲਾਂ ਦਿੰਦੇ ਰਹੇ ਪਰ ਲੋਕਾਂ ਉਤੇ ਕੋਈ ਬਹੁਤ ਅਸਰ ਨਹੀਂ ਹੋਇਆ।
ਇਸੇ ਦੌਰਾਨ ਹੀ ਕਈ ਸਿਆਸੀ ਪਾਰਟੀਆਂ ਦੇ ਸਮਰੱਥਕਾਂ ਵੱਲੋਂ ਸਿੱਧੇ ਤੌਰ ’ਤੇ ਆਪਣੇ ਵਰਕਰਾਂ ਨਾਲ ਰਾਬਤਾ ਬਣਾਇਆ ਹੋਇਆ ਸੀ ਪ੍ਰੰਤੂ ਪੋਲਿੰਗ ਦਾ ਰੁਝਾਨ ਸਵੇਰ ਤੋਂ ਹੀ ਮੱਠਾ ਨਜ਼ਰ ਆ ਰਿਹਾ ਸੀ। ਪੋਲਿੰਗ ਦੇ ਬਾਹਰ ਵੱਡੀ ਗਿਣਤੀ ’ਚ ਔਰਤਾਂ ਵੱਲੋਂ ਇਨਸਾਫ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਗਈ।
ਇਥੇ ਜ਼ਿਕਰਯੋਗ ਹੈ ਕਿ 10 ਜਨਵਰੀ ਦੀ ਰਾਤ ਨੂੰ ਪਿੰਡ ਦੇ ਬੁਜ਼ਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਦੇ ਕਾਤਲ ਹੁਣ ਤੱਕ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹਨ ਅਤੇ ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ।