ਇਕਬਾਲ ਸਿੰਘ ਸ਼ਾਂਤ
ਲੰਬੀ, 7 ਸਤੰਬਰ
ਪਾਵਰਕੌਮ ਸਬ ਡਿਵੀਜ਼ਨ ਡੱਬਵਾਲੀ (ਕਿੱਲਿਆਂਵਾਲੀ) ਦੇ ਇੱਕ ਜੇਈ ਵੱਲੋਂ ਉਸਾਰੀ ਅਧੀਨ ਮਕਾਨ ਕੋਲੋਂ ਲੰਘਦੀਆਂ ਬਿਜਲੀ ਤਾਰਾਂ ਦੀ ਦਰੁੱਸਤੀ ਲਈ ਕਥਿਤ ਰਿਸ਼ਵਤ ਮੰਗਣ ਬਾਰੇ ਸ਼ਿਕਾਇਤ ’ਤੇ ਕਾਰਵਾਈ ਦੀ ਥਾਂ ਐੱਸਡੀਓ ਵੀ ਜੇਈ ਦੇ ਪੱਖ ਵਿੱਚ ਡਟ ਗਿਆ। ਲੰਘੀ 16 ਅਗਸਤ ਨੂੰ ਮੁਦੱਈ ਅਸ਼ੀਸ਼ ਕੁਮਾਰ ਨੇ ਜੇਈ ਖਿਲਾਫ਼ ਐਸਡੀਓ ਮਨਿੰਦਰ ਸਿੰਘ ਨੂੰ ਸਬੂਤਾਂ ਸਮੇਤ ਸ਼ਿਕਾਇਤ ਕੀਤੀ ਸੀ। ਤਿੰਨ ਹਫ਼ਤੇ ਬਾਅਦ ਵੀ ਕੋਈ ਕਾਰਵਾਈ ਹੋਈ। ਪੀੜਤ ਨੇ ਉੱਚ ਅਧਿਕਾਰੀਆਂ ਨੂੰ ਸਬੂਤ ਅਤੇ ਲਿਖਤੀ ਸ਼ਿਕਾਇਤ ਭੇਜ ਦਿੱਤੀ ਹੈ।
ਜੇਈ ਮੁਨੀਸ਼ ਕੁਮਾਰ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਐੱਸਡੀਓ ਮਨਿੰਦਰ ਸਿੰਘ ਨੇ ਕਿਹਾ ਕਿ ਸਬੂਤਾਂ ’ਚ ਕੋਈ ਦਮ ਨਹੀਂ। ਇਸੇ ਕਰਕੇ ਉਨ੍ਹਾਂ ਸ਼ਿਕਾਇਤ ਆਪਣੇ ਕੋਲ ਰੱਖੀ ਹੋਈ ਹੈ ਤੇ ਉੱਚ ਅਧਿਕਾਰੀਆਂ ਨੂੰ ਨਹੀਂ ਭੇਜੀ। ਉਨ੍ਹਾਂ ਆਖਿਆ ਕਿ ਮਿਲ ਬੈਠ ਕੇ ਮਾਮਲਾ ਨਿੱਬੜ ਜਾਣਾ ਚਾਹੀਦਾ ਹੈ। ਦੂਜੇ ਪਾਸੇ ਕਾਰਜਕਾਰੀ ਇੰਜਨੀਅਰ ਨੇ ਜੇ.ਈ. ਮੁਨੀਸ਼ ਕੁਮਾਰ ਖਿਲਾਫ਼ ਸ਼ਿਕਾਇਤ ’ਤੇ ਦੋ ਐੱਸਡੀਓ ਆਧਾਰਤ ਪੜਤਾਲ ਲਗਾਉਣ ਦੀ ਗੱਲ ਆਖੀ ਹੈ।