ਜੋਗਿੰਦਰ ਸਿੰਘ ਮਾਨ
ਮਾਨਸਾ, 24 ਜੂਨ
ਸਿਵਲ ਹਸਪਤਾਲ ਮਾਨਸਾ ’ਚ ਡੋਪ ਟੈਸਟ, ਬੀਮਾਂ ਯੋਜਨਾਵਾਂ, ਜਾਅਲੀ ਅਪੰਗਤਾ ਅਤੇ ਐਮਐਲਆਰ ਸਰਟੀਫਿਕੇਟਾਂ ਆਦਿ ’ਚ ਰਿਸ਼ਵਤ ਲੈ ਕੇ ਅਦਲਾ-ਬਦਲੀ ਕਰਨ ਦੇ ਮਾਮਲੇ ’ਚ ਗ੍ਰਿਫਤਾਰ ਕੀਤੇ ਤਿੰਨ ਕਰਮਚਾਰੀਆਂ ਦਰਸ਼ਨ ਸਿੰਘ , ਤੇਜਿੰਦਰ ਕੁਮਾਰ ਅਤੇ ਵਿਜੇ ਕੁਮਾਰ ਦਾ ਪੁਲੀਸ ਰਿਮਾਂਡ ਅੱਜ ਸਮਾਪਤ ਹੋ ਗਿਆ ਅਤੇ ਅਦਾਲਤ ਨੇ ਤਿੰਨਾਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਵਿਜੀਲੈਂਸ ਨੇ ਰਿਸ਼ਵਤ ਮਾਮਲੇ ਦੀ ਕੜੀ ਨੂੰ ਹੋਰ ਅੱਗੇ ਤੋਰਦਿਆਂ ਅੱਜ ਤਿੰਨ ਹੋਰਨਾਂ ਨੂੰ ਗਿ੍ਫਤਾਰ ਕਰ ਲਿਆ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚ ਨਿਊ ਨੰਦੀ ਮੈਡੀਕਲ ਹਾਲ ਦੇ ਅਨਿਲ ਕੁਮਾਰ, ਜੀਬੀ ਆਰਥੋਪੈਡਿਕ ਇੰਪਲਾਇਜ਼ ਦੇ ਮਾਲਕ ਗੁਰਵਿੰਦਰ ਸਿੰਘ ਲਾਲੀ ਅਤੇ ਬੂਟਾ ਸਿੰਘ ਸ਼ਾਮਲ ਹਨ। ਵਿਜੀਲੈਂਸ ਦੇ ਐਸਐਸਪੀ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਹ ਤਿੰਨੇ ਜਣੇ ਸਿਵਲ ਹਸਪਤਾਲ ਨੂੰ ਦਵਾਈਆਂ ਅਤੇ ਹੋਰ ਸਾਜ਼ੋ ਸਮਾਨ ਸਪਲਾਈ ਕਰਦੇ ਸਨ। ਗੁਰਬਿੰਦਰ ਸਿੰਘ ਤੇ ਬੂਟਾ ਸਿੰਘ ਗੋਡੇ, ਚੂਲਾ, ਪਲੇਟਾਂ ਆਦਿ ਸਪਲਾਈ ਕਰਦੇ ਸਨ। ਹਸਪਤਾਲ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਤਿੰਨਾਂ ਨੂੰ ਬਿਨਾਂ ਕਿਸੇ ਟੈਂਡਰ ਹੀ ਕੰਮ ਦਿੱਤਾ ਗਿਆ ਸੀ। ਨਿਯਮਾਂ ਅਨੁਸਾਰ ਨਵਾਂ ਕੰਮ ਦੇਣ ਲਈ ਅਖ਼ਬਾਰਾਂ ’ਚ ਇਸ਼ਤਿਹਾਰ ਦੇਣਾ ਬਣਦਾ ਹੈ ਪਰ ਅਧਿਕਾਰੀਆਂ ਨੇ ਇੱਕ ਲੋਕਲ ਅਖ਼ਬਾਰ ਵਿੱਚ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਨਾਲ ਹੀ ਇੱਕ ਥਾਂ ਲਿਖ ਕੇ ਕੰਮ ਸਾਰ ਦਿੱਤਾ। ਐਸਐਮਓ ਨੇ ਤਿੰਨੇ ਮੁਲਜ਼ਮਾਂ ਨੂੰ ਗੁਪਤ ਰੂਪ ’ਚ ਕਮੇਟੀ ਵਿੱਚ ਸ਼ਾਮਲ ਕਰਕੇ ਕੰਮ ਸ਼ੁਰੂ ਕਰਵਾ ਦਿੱਤਾ। ਇਨ੍ਹਾਂ ਮੁਲਜ਼ਮਾਂ ਨੇ ਐਸਐਮਓ ਤੇ ਡਾਕਟਰਾਂ ਨਾਲ ਮਿਲ ਕੇ ਕਮਿਸ਼ਨ ਤੈਅ ਕੀਤਾ ਅਤੇ ਮੋਟੀ ਕਮਾਈ ਦਾ ਧੰਦਾ ਆਰੰਭ ਦਿੱਤਾ। ਇਨ੍ਹਾਂ ਵੱਲੋਂ ਹਸਪਤਾਲ ਨੂੰ ਸਾਮਾਨ ਸਪਲਾਈ ਲਈ ਦਿੱਤੀਆਂ ਕੁਟੇਸ਼ਨਾਂ ਵੀ ਫਰਜ਼ੀ ਦੱਸੀਆਂ ਜਾ ਰਹੀਆਂ ਹਨ। ਰਿਸ਼ਵਤ ਮਾਮਲੇ ’ਚ ਅੱਜ ਨਵੇਂ ਫੜੇ ਗਏ ਤਿੰਨ ਮੁਲਜ਼ਮਾਂ ਬਾਅਦ ਹੋਰਨਾਂ ਨੂੰ ਵੀ ਕੰਬਣੀ ਛਿੜ ਗਈ ਹੈ। ਪਿਛਲੇ ਦਿਨੀਂ ਰੂਪੋਸ਼ ਹੋਏ ਕਈ ਡਾਕਟਰ ਅਤੇ ਕਰਮਚਾਰੀਆਂ ਦੇ ਘਰਾਂ ਨੂੰ ਅੱਜ ਵੀ ਜੰਦਰੇ ਵੱਜੇ ਹੋਏ ਸਨ। ਪ੍ਰਾਪਤ ਵੇਰਵਿਆਂ ਅਨੁਸਾਰ ਜੇ ਪਾਜ਼ੇਟਿਵ ਤੋਂ ਨੈਗੇਟਿਵ ਹੋਏ ਡੋਪ ਟੈਸਟਾਂ ਵਾਲੇ ਸਾਰੇ ਲੋਕਾਂ ਦੇ ਮੁੜ ਟੈਸਟ ਕੀਤੇ ਜਾਂਦੇ ਹਨ ਤਾਂ ਅਗਲੇ ਦਿਨਾਂ ’ਚ ਕਈ ਅਸਰ ਰਸੂਖ ਵਾਲੇ ਲੋਕ ਅਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਕੁੜਿੱਕੀ ’ਚ ਆ ਸਕਦੇ ਹਨ।