ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਜੁਲਾਈ
ਪੰਜਾਬ ਪੁਲੀਸ ਨਾਲ ਡਿਊਟੀ ਕਰ ਰਹੇ ਹੋਮਗਾਰਡ ਜਵਾਨਾਂ ਨੂੰ ਵੀ ਵੱਢੀ ਲੈਣ ਦੀ ਲਲਕ ਲੱਗ ਗਈ ਹੈ। ਇਥੇ ਹੋਮਗਾਰਡ ਵਾਲੰਟੀਅਰ ਵੱਲੋਂ ਵੱਢੀ ਲੈਣ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਕੈਦ ਹੋਣ ਉੱਤੇ ਸੋਸ਼ਲ ਮੀਡੀਆ ਉਤੇ ਵੀਡਿਓ ਵਾਇਰਲ ਹੋ ਗਈ। ਹੋਮ ਗਾਰਡ ਜਵਾਨ ਦੇ ਖੁਦ ਮਾਸਕ ਵੀ ਨਹੀਂ ਲੱਗਾ ਸੀ। ਇਥੇ ਟਰੈਫ਼ਿਕ ਪੁਲੀਸ ਨਾਲ ਡਿਉਟੀ ਕਰ ਰਹੇ ਹੋਮਗਾਰਡ ਵਾਲੰਟੀਅਰ ਨੇ ਇੱਕ ਨੌਜਵਾਨ ਨੂੰ ਕਰੋਨਾਂ ਮਹਾਂਮਾਰੀ ਦੀ ਉਲੰਘਣਾਂ ਦਾ ਡਰਾਵਾ ਦਿੱਤਾ। ਇਸ ਮਗਰੋਂ ਨੌਜਵਾਨ ਨੇ ਕਿਸੇ ਝੰਜਟ ’ਚੋਂ ਬਚਣ ਲਈ ਹੋਮਗਾਰਡ ਵਾਲੰਟੀਅਰ ਨੂੰ ਲਾਲਚ ਦੇ ਦਿੱਤਾ। ਡਿਉਟੀ ਸਥਾਨ ਨੇੜੇ ਇੱਕ ਦੁਕਾਨ ਅੰਦਰ ਪਹਿਲਾਂ ਨੌਜਵਾਨ ਚਲਾ ਗਿਆ ਤੇ ਪਿੱਛੇ ਹੋਮਗਾਰਡ ਵਾਲੰਟੀਅਰ ਨੇ ਕਥਿਤ ਵੱਢੀ ਦੀ ਰਕਮ ਫੜ ਕੇ ਜੇਬ ’ਚ ਪਾਉਣ ਦੀ ਪੂਰੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਹੋਮਗਾਰਡ ਵਾਲੰਟੀਅਰ ਤੇ ਪੰਜਾਬ ਪੁਲੀਸ ਨਾਲ ਮਿਲਦੀ ਜੁਲਦੀ ਵਰਦੀ ਕਾਰਨ ਬਹੁਤੇ ਲੋਕ ਹੋਮਗਾਰਡ ਜਵਾਨ ਨੂੰ ਪੰਜਾਬ ਪੁਲੀਸ ਦਾ ਮੁਲਾਜ਼ਮ ਸਮਝ ਰਹੇ ਹਨ। ਇਸ ਸਬੰਧਤ ਟਰੈਫ਼ਿਕ ਇੰਚਾਰਜ਼ ਇੰਸਪੈਕਟਰ ਭੂਪਿੰਦਰ ਕੌਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਉੱਤੇ ਉਨ੍ਹਾਂ ਆਪਣੀ ਰਿਪੋਰਟ ਐੱਸਐੱਸਪੀ ਨੂੰ ਭੇਜ ਦਿੱਤੀ ਹੈ।