ਪਵਨ ਗੋਇਲ
ਭੁੱਚੋ ਮੰਡੀ, 2 ਅਕਤੂਬਰ
ਰਾਮ ਬਿਲਾਸ ਬਸਤੀ ਦੇ ਵਾਸੀਆਂ ਵੱਲੋਂ ਬੀਤੀ ਰਾਤ ਨਸ਼ਿਆਂ ਦੀ ਵਿਕਰੀ ਦਾ ਵਿਰੋਧ ਕਰਨ ’ਤੇ ਦੋ ਧਿਰਾਂ ਵਿੱਚ ਇੱਟਾਂ ਰੋੜੇ ਚੱਲਣ ਕਾਰਨ ਦੋਵੇਂ ਧਿਰਾਂ ਦੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮੁਹੱਲਾ ਵਾਸੀਆਂ ਨੇ ਨਸ਼ਾ ਤਸਕਰਾਂ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਲਈ ਭੁੱਚੋ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ। ਇਸ ਵਿੱਚ ਔਰਤਾਂ ਵੀ ਸ਼ਾਮਲ ਸਨ। ਧਰਨਾਕਾਰੀਆਂ ਨੇ ਨਸ਼ਾ ਤਸਕਰਾਂ ਅਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੌਕੀ ਇੰਚਾਰਜ ਮਨਜੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਨਸ਼ਾ ਤਸਕਰਾਂ ਸਮੇਤ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪੁਲੀਸ ਨੇ ਲੜਾਈ ਝਗੜੇ ਦੇ ਮਾਮਲੇ ਵਿੱਚ ਅਸ਼ੋਕ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਰਾਮ ਬਿਲਾਸ ਬਸਤੀ ਦੇ ਬਿਆਨਾਂ ’ਤੇ ਮੁਲਜ਼ਮ ਗੋਰਾ ਸਿੰਘ, ਪੀਤਾ ਸਿੰਘ, ਚੰਨੀ ਅਤੇ ਤੋਤੀ ਖ਼ਿਲਾਫ਼ ਧਾਰਾ 341,323, 148 ਅਤੇ 149 ਤਹਿਤ ਕੇਸ ਦਰਜ ਕਰ ਦਿੱਤਾ ਹੈ। ਪੁਲੀਸ ਅਨੁਸਾਰ ਹਾਲੇ ਤੱਕ ਕੋਈ ਗ਼ਿਫਤਾਰੀ ਨਹੀਂ ਹੋਈ। ਅਸ਼ੋਕ ਕੁਮਾਰ ਨੇ ਦਿੱਤੇ ਬਿਆਨਾਂ ਅਨੁਸਾਰ ਉਸ ਦੇ ਘਰ ਦੇ ਨਾਲ ਇੱਕ ਪਰਿਵਾਰ ਚਿੱਟਾ ਵੇਚਣ ਦਾ ਧੰਦਾ ਕਰਦਾ ਹੈ। ਜਦੋਂ ਉਸ ਨੇ ਮੁਹੱਲਾ ਵਾਸੀਆਂ ਨਾਲ ਜਾ ਕੇ ਉਨ੍ਹਾਂ ਨੂੰ ਨਸ਼ਾ ਵੇਚਣਾ ਬੰਦ ਕਰਨ ਲਈ ਕਿਹਾ, ਤਾਂ ਉਨ੍ਹਾਂ ਨੇ ਆਪਣੇ ਹੋਰ ਸਾਥੀ ਬੁਲਾ ਕੇ ਸਾਡੀ ਬੁਰੀ ਤਰਾਂ ਕੁੱਟਮਾਰ ਕੀਤੀ।