ਨਿਹਾਲ ਸਿੰਘ ਵਾਲਾ: ਬੀਤੇ ਕੁਝ ਦਿਨਾਂ ਤੋਂ ਸੂਬੇ ਵਿੱਚ ਕਈ ਥਾਵਾਂ ਤੋਂ ‘ਆਪ’ ਆਗੂਆਂ ਵੱਲੋਂ ਸਰਕਾਰੀ ਵਿਭਾਗਾਂ ਦੀ ਚੈਕਿੰਗ ਤੇ ਥਾਣੇਦਾਰੀ ਭਾਸ਼ਾ ਵਰਤਣ ਦੇ ਦੋਸ਼ਾਂ ਤੇ ਵਾਇਰਲ ਵੀਡੀਓ ਪਿੱਛੋਂ ਪਾਰਟੀ ਦੇ ਉੱਚ ਆਗੂਆਂ ਨੇ ਸੰਜਮ ਰੱਖ ਕੇ ਜ਼ਿੰਮੇਵਾਰੀ ਨਿਭਾਉਣ ਲਈ ਆਖਿਆ ਹੈ। ਆਮ ਆਦਮੀ ਪਾਰਟੀ ਦੇ ਈਵੈਂਟ ਇੰਚਾਰਜ ਪੰਜਾਬ ਬਰਿੰਦਰ ਕੁਮਾਰ ਮਧੇ ਨੇ ਇੱਥੇ ਦੱਸਿਆ ਕਿ ਲੋਕ ਲੰਬੇ ਸਮੇਂ ਤੋਂ ਅਫ਼ਸਰਸ਼ਾਹੀ ਤੋਂ ਅੱਕੇ ਹੋਏ ਹਨ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਏ ਜਾਣ ਪਿੱਛੋਂ ‘ਆਪ’ ਆਗੂਆਂ ਵਿੱਚ ਸੂਬੇ ਨੂੰ ਇਮਾਨਦਾਰ ਭ੍ਰਿਸ਼ਟ ਮੁਕਤ ਸੂਬਾ ਬਣਾਉਣ ਦਾ ਜੋਸ਼ ਹੈ। ਬਰਿੰਦਰ ਕੁਮਾਰ ਨੇ ‘ਆਪ’ ਆਗੂਆਂ ਨੂੰ ਅਪੀਲ ਕੀਤੀ ਕਿ ਸਾਰੇ ਸਿਸਟਮ ਨੂੰ ਸੁਧਾਰਨ ਦੀ ਬਹੁਤ ਲੋੜ ਹੈ, ਵਕਤ ਵੀ ਲੱਗੇਗਾ, ਜੇ ਕਿਤੇ ਕੁੱਝ ਗਲਤ ਲੱਗਦਾ ਹੈ ਤਾਂ ਸੰਜਮ, ਠਰੰਮੇ ਤੇ ਸਤਿਕਾਰ ਨਾਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ। -ਪੱਤਰ ਪ੍ਰੇਰਕ