ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਜਨਵਰੀ
ਕੋਈ ਵੇਲਾ ਸੀ ਜਦੋਂ ਭਾਰਤ ਸੰਚਾਰ ਨਿਗਮ (ਬੀਐੱਸਐੱਨਐਲ) ਦੀ ਹੀ ਨਹੀਂ ਸਗੋਂ ਵਿਭਾਗ ਦੇ ਅਧਿਕਾਰੀਆਂ ਦੀ ਵੀ ਤੂਤੀ ਬੋਲਦੀ ਸੀ ਪਰ ਅੱਜ ਲੋਕਾਂ ਦਾ ਲੈਂਡਲਾਈਨ ਫੋਨਾਂ ਤੋਂ ਮੋਹ ਭੰਗ ਹੋ ਗਿਆ। ਜ਼ਿਲ੍ਹੇ ਦੀਆਂ ਕਰੀਬ 35 ਦਿਹਾਤੀ ਟੈਲੀਫੋਨ ਐਕਸਚੇਂਜਾਂ ਨੂੰ ਤਾਲੇ ਲੱਗ ਗਏ ਹਨ। ਸ਼ਹਿਰੀ ਖੇਤਰ ’ਚ ਵੀ ਲੈਂਡਲਾਈਨ ਟੈਲੀਫੋਨਾਂ ਦੀ ਗਿਣਤੀ ਬਹੁਤ ਘੱਟ ਗਈ ਹੈ। ਇਥੇ ਬੀਐੱਸਐੱਨਐਲ ਦੇ ਕਾਰਜਕਾਰੀ ਡਿਵੀਜ਼ਨਲ ਇੰਜਨੀਅਰ ਗੁਰਮੀਤ ਸਿੰਘ ਨੇ ਪੁਸ਼ਟੀ ਕੀਤੀ ਪੇਂਡੂ ਖੇਤਰਾਂ ਵਿਚ ਲੈਂਡਲਾਈਨ ਫੋਨ ਨਾ ਹੋਣ ਕਰਕੇ ਸਾਰੀਆਂ ਟੈਲੀਫੋਨ ਐਕਸਚੇਂਜਾਂ ਬੰਦ ਹਨ। ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਕਰੀਬ ਢਾਈ ਦਹਾਕੇ ਪਹਿਲਾਂ ਮੋਗਾ ਤੇ ਬਾਘਾਪੁਰਾਣਾ ਵਿੱਚ ਡਿਵੀਜ਼ਨਲ ਇੰਜਨੀਅਰ ਅਧੀਨ ਐੱਸਡੀਓ, ਜੇਟੀਓ ਤੇ ਹੋਰ ਅਮਲੇ ਸਣੇ ਕਰੀਬ 200 ਤੋਂ ਵੱਧ ਸਟਾਫ਼ ਸੀ ਅਤੇ ਧਰਾਤਲ ਟੈਲੀਫੋਨ ਕਰੀਬ 50 ਹਜ਼ਾਰ ਸਨ। ਹੁਣ ਨਾਂ ਤਾਂ ਇਥੇ ਕੋਈ ਪੱਕਾ ਡੀਈਟੀ ਹੈ ਅਤੇ ਅਮਲੇ ਦੀ ਗਿਣਤੀ ਵੀ ਮਾਤਰ 20 ਰਹਿ ਗਈ ਹੈ ਅਤੇ ਧਰਾਤਲ ਟੈਲੀਫੋਨਾਂ ਦੀ ਗਿਣਤੀ ਵੀ ਕਰੀਬ 100 ਰਹਿ ਗਈ ਹੈ ਜੋ ਹੁਣ ਵਿਭਾਗ ਹੁਣ ਇਨ੍ਹਾਂ ਨੂੰ ਬੰਦ ਕਰਵਾ ਰਿਹਾ ਹੈ। ਨਿਗਮ ਨੇ 49-51 ਫ਼ੀਸਦੀ ਲਾਭ ਉੱਤੇ ਇੱਕ ਕੰਪਨੀ ਨਾਲ ਸਮਝੌਤਾ ਕਰ ਲਿਆ ਹੈ ਜਿਸ ਤਹਿਤ ਸ਼ਹਿਰ ਵਿੱਚ ਟੈਲੀਫੋਨ ਲਈ ਫ਼ਾਈਬਰ ਕੇਬਲ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ 1 ਅਕਤੂਬਰ 2000 ਨੂੰ ਡਿਪਾਰਟਮੈਂਟ ਆਫ਼ ਟੈਲੀਕਮਿਊਨੀਕੇਸ਼ਨ (ਡੀਓਟੀ) ਨੂੰ ਭਾਰਤ ਸੰਚਾਰ ਨਿਗਮ (ਬੀਐੱਸਐੱਨਐਲ) ਬਣਾ ਦਿੱਤਾ ਸੀ। ਬਾਅਦ ਵਿਚ ਵਿਭਾਗ ਦੀ ਤਰਸਯੋਗ ਹਾਲਤ ਬਣਦੀ ਗਈ। ਵਿਭਾਗ ਵੱਲੋਂ 1 ਨਵੰਬਰ 2019 ਨੂੰ ਵਾਲੰਟੀਅਰ ਰਿਟਾਇਰਮੈਂਟ (ਵੀਆਰਐੱਸ) ਪਾਲਸੀ ਲਿਆਂਦੀ ਗਈ ਜਿਸ ਤਹਿਤ ਹਜ਼ਾਰਾਂ ਦੀ ਗਿਣਤੀ ਵਿਚ ਕਾਮਿਆਂ ਨੇ ਵੀਆਰਐੱਸ ਲੈ ਲਈ ਅਤੇ ਟੈਲੀਫੋਨ ਐਕਸਚੇਂਜਾਂ ਸੁੰਨੀਆਂ ਹੋ ਗਈਆਂ। ਨਿੱਜੀ ਕੰਪਨੀਆਂ ਨੇ ਬੀਐੱਸਐੱਨਐਲ ਦਾ ਹਾਲ ਹੋਰ ਵੀ ਮਾੜਾ ਕਰ ਦਿੱਤਾ। ਦਿਹਾਤੀ ਖੇਤਰਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਟੈਲੀਫੋਨ ਐਕਸਚੇਂਜਾਂ ਕਬਾੜ ਬਣ ਰਹੀਆਂ ਹਨ। ਵਿਧਾਇਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਕਸਬਾ ਨੁਮਾ ਪਿੰਡ ਬਿਲਾਸਪੁਰ ਸਥਿੱਤ ਟੈਲੀਫੋਨ ਐਕਸਚੇਜ ਦਾ ਮੁੱਖ ਗੇਟ ਕਈ ਮਹੀਨਿਆਂ ਤੋਂ ਬੰਦ ਹੈ ਅਤੇ ਗੇਟ ਅੰਗੇ ਘਾਹ ਫੂਸ ਉਗਿਆ ਹੋਇਆ ਹੈ। ਇਸ ਟੈਲੀਫੋਨ ਐਕਸਚੇਂਜ ਅਧੀਨ ਤਿੰਨ ਟੈਲੀਫੋਨ ਐਕਸਚੇਂਜਾਂ ਹਿੰਮਤਪੁਰਾ, ਬੌਡੇ ਅਤੇ ਬਿਲਾਸਪੁਰ ਸਮੇਤ 10 ਪਿੰਡ ਪੈਂਦੇ ਹਨ। ਟੈਲੀਫੋਨ ਐਕਸਚੇਂਜ ਬਿਲਾਸਪੁਰ ਦੀ ਸਮਰਥਾ 3 ਹਜ਼ਾਰ ਕੁਨੈਕਸਨ ,ਹਿੰਮਤਪੁਰਾ ਅਤੇ ਬੌਡੇ ਦੀ 9900 ਕੁਨੈਕਸ਼ਨ ਸੀ। ਨਿਗਮ ਖ਼ਪਤਕਾਰਾਂ ਨੂੰ ਸਹੀ ਸੇਵਾਵਾਂ ਨਾ ਦੇ ਸਕਿਆ ਅਤੇ ਖ਼ਰਾਬ ਟੈਲੀਫੋਨ ਠੀਕ ਕਰਵਾਉਣ ਲਈ ਕਈ-ਕਈ ਮਹੀਨੇ ਉਡੀਕ ਕਰਨੀ ਪੈਦੀ ਸੀ। ਆਖ਼ਿਰ ਪ੍ਰਾਈਵੇਟ ਕੰਪਨੀਆਂ ਦੀ ਹਨੇਰੀ ਅੱਗੇ ਨਿਗਮ ਨੇ ਗੋਡੇ ਟੇਕ ਦਿੱਤੇ। ਨਿਗਮ ਦੇ ਇੰਟਰਨੈਂਟ ਅਤੇ ਮੋਬਾਈਲ ਫੋਨ ਦੀ ਲੋਕ ਵਰਤੋਂ ਕਰ ਰਹੇ ਹਨ ਹਾਲਾਂਕਿ ਖਪਤਕਾਰਾਂ ਨੂੰ ਇੰਟਰਨੈਂਟ ਸੇਵਾਵਾਂ ਦੀ ਸ਼ਿਕਾਇਤ ਹੀ ਰਹਿੰਦੀ ਹੈ।