ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 11 ਫ਼ਰਵਰੀ
ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਮੀਟਿੰਗ ਦੌਰਾਨ ਕਿਹਾ ਕਿ ਕਾਂਗਰਸ ਨੇ ਆਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਜ਼ਿਲ੍ਹੇ ਵਿੱਚ ਇੱਕ ਵੀ ਵਿਕਾਸ ਦਾ ਪ੍ਰਾਜੈਕਟ ਨਹੀਂ ਲਿਆਂਦਾ। ਆਪਣੀ ਪਾਰਟੀ ਦਾ ਫ਼ਰੀਦਕੋਟ ਬਾਰੇ ਰਿਪੋਰਟ ਕਾਰਡ ਜਾਰੀ ਕਰਦਿਆਂ ਬੰਟੀ ਰੋਮਾਣਾ ਨੇ ਕਿਹਾ ਕਿ ਫ਼ਰੀਦਕੋਟ ਵਿੱਚ ਬਾਬਾ ਫ਼ਰੀਦ ਯੂਨੀਵਰਸਿਟੀ ਅਕਾਲੀ ਦਲ ਨੇ ਸਥਾਪਤ ਕੀਤੀ ਅਤੇ ਹਾਕੀ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਲਈ 11 ਕਰੋੜ ਦੀ ਲਾਗਤ ਨਾਲ ਐਸਟ੍ਰੋਰਫ ਤਿਆਰ ਕੀਤਾ। ਬੰਟੀ ਰੋਮਾਣਾ ਨੇ ਦਾਅਵਾ ਕੀਤਾ ਕਿ ਫ਼ਰੀਦਕੋਟ ਅਤੇ ਕੋਟਕਪੂਰੇ ਦਾ ਰੇਲਵੇ ਓਵਰਬ੍ਰਿਜ 136 ਕਰੋੜ ਰੁਪਏ ਦੀ ਲਾਗਤ ਨਾਲ ਅਕਾਲੀ ਦਲ ਦੀ ਸਰਕਾਰ ਵੱਲੋਂ ਹੀ ਸ਼ੁਰੂ ਕਰਵਾਇਆ ਗਿਆ ਸੀ, ਜੋ ਹੁਣ ਮੁਕੰਮਲ ਹੋਇਆ ਹੈ ਅਤੇ ਕਾਂਗਰਸ ਇਸ ਨੂੰ ਆਪਣੀ ਪ੍ਰਾਪਤ ਦੱਸ ਰਹੀ ਹੈ। ਬੰਟੀ ਰੋਮਾਣਾ ਨੇ ਕਿਹਾ ਕਿ ਫ਼ਰੀਦਕੋਟ ਹਲਕੇ ਦੇ ਵਿਕਾਸ ਬਾਰੇ ਉਹ ਆਪਣਾ ਵਿਸ਼ੇਸ਼ ਮੈਨੀਫੈਸਟੋ ਜਾਰੀ ਕਰਨਗੇ।