ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 19 ਜੁਲਾਈ
‘ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ’ ਦੇ ਸੱਦੇ ’ਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਲਈ ਪੰਜਾਬ ਪੈਟਰਨ ਦੇ ਤਨਖ਼ਾਹ ਸਕੇਲ ਵਾਪਸ ਲੈ ਕੇ ਕੇਂਦਰੀ ਪੈਟਰਨ ਲਾਗੂ ਕਰਨ ਲਈ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਜ਼ਾਹਰ ਕੀਤਾ ਹੈ। ਡੀਐੱਮਐੱਫ ਦੇ ਜ਼ਿਲ੍ਹਾ ਆਗੂ ਪਵਨ ਕੁਮਾਰ ਅਤੇ ਸਰਦੂਲ ਸਿੰਘ ਨੇ ਕਿਹਾ ਕਿ ਨਿੱਜੀਕਰਨ ਦੀਆਂ ਲੋਕ ਵਿਰੋਧੀਆਂ ਨੀਤੀਆਂ ਤਹਿਤ ਸਰਕਾਰੀ ਅਦਾਰਿਆਂ ਦਾ ਮੁਕੰਮਲ ਭੋਗ ਪਾਉੁਣ ਦੀ ਪ੍ਰਕਿਰਿਆ ਚਲਾਈ ਜਾ ਰਹੀ ਹੈ, ਜਿਸਦੇ ਚੱਲਦਿਆਂ ਨਵੀਆਂ ਭਰਤੀਆਂ ਵਿੱਚ ਪੰਜਾਬ ਸਰਕਾਰ ਦੇ ਤਨਖਾਹ ਸਕੇਲਾਂ ਨੂੰ ਤਿਲਾਂਜਲੀ ਦੇ ਕੇ ਕੇਂਦਰ ਸਰਕਾਰ ਦੇ ਪੈਟਰਨ ਅਨੁਸਾਰ ਤਨਖ਼ਾਹ ਸਕੇਲ ਦੇਣ ਦਾ ਪੱਤਰ 17 ਜੁਲਾਈ ਨੂੰ ਵਿੱਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ, ਜੋ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਸਰਕਾਰੀ ਅਦਾਰਿਆਂ ਲਈ ਖ਼ਤਰੇ ਦੀ ਘੰਟੀ ਹੈ। ਇਸ ਪੱਤਰ ਵਿੱਚ 72 ਸ਼੍ਰੇਣੀਆਂ ਦੇ ਅੱਪਗਰੇਡ ਕੀਤੇ ਤਨਖ਼ਾਹ ਸਕੇਲਾਂ ਨੂੰ ਵੀ ਖ਼ਤਮ ਕਰਨ ਦਾ ਇਸ਼ਾਰਾ ਕੀਤਾ ਗਿਆ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਮੁਲਾਜ਼ਮ ਵਰਗ ਵੱਲੋਂ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲਬੀਰ ਚੌਧਰੀ, ਪਵਨ ਚੌਧਰੀ, ਸੁਭਾਸ਼ ਚੰਦਰ, ਸੁਰਜੀਤ ਧਾਲੀਵਾਲ, ਸੁਰਿੰਦਰ ਕੁਮਾਰ ਅਤੇ ਕੰਵਲਜੀਤ ਮੌਜੂਦ ਸਨ।