ਪੱਤਰ ਪ੍ਰੇਰਕ
ਸਮਾਲਸਰ, 16 ਫਰਵਰੀ
ਪਿੰਡ ਸੇਖਾਂ ਕਲਾਂ ਵਿੱਚ ਪੰਜਗਰਾਈਂ ਵਾਲੇ ਰਾਹ ’ਤੇ ਲੱਗੇ ਦਰਖ਼ਤਾਂ ਨੂੰ ਕਿਸੇ ਨੇ ਯੂਰੀਆ ਖਾਦ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ।ਸੇਖਾ ਕਲਾਂ ਦੇ ਸਮਾਜ ਸੇਵੀ ਡਾ. ਰਾਜ ਦੁਲਾਰ ਅਤੇ ਸਿਮਰਤ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਦੇ ਖੇਤ ਦੇ ਮੱਥੇ ’ਤੇ ਗੁਰੂ ਗੋਬਿੰਦ ਸਿੰਘ ਵੈਲਫੇਅਰ ਕਲੱਬ ਸੇਖਾ ਕਲਾਂ ਵੱਲੋਂ ਕਾਫ਼ੀ ਸਮਾਂ ਪਹਿਲਾਂ ਬੂਟੇ ਲਾਏ ਗਏ ਸਨ। ਇਨ੍ਹਾਂ ਨੂੰ ਪਾਲਣ ਲਈ ਵਾਰੀ ਸਿਰ ਹਰ ਵਿਅਕਤੀ ਦੀ ਡਿਊਟੀ ਲਾਈ ਹੋਈ ਸੀ। ਕਿਸੇ ਨੇ ਦਰਖਤਾਂ ਦੀਆਂ ਜੜ੍ਹਾਂ ਵਿਚ ਲੱਪ ਲੱਪ ਯੂਰੀਆ ਖਾਦ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤ। ਸਿਮਰਤ ਸਿੰਘ ਨੇ ਇਸ ਸਬੰਧੀ ਮੁੱਖ ਮੰਤਰੀ ਅਤੇ ਡੀਸੀ ਮੋਗਾ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਅਪੀਲ ਕੀਤੀ ਹੈ।
ਖੇਤੀ ਮਾਹਿਰਾਂ ਵੱਲੋਂ ਯੂਰੀਆ ਨਾ ਵਰਤਣ ਦੀ ਸਲਾਹ
ਮਾਨਸਾ (ਪੱਤਰ ਪ੍ਰੇਰਕ): ਬੇਸ਼ੱਕ ਮਾਲਵਾ ਖੇਤਰ ਵਿਚ ਇਸ ਵੇਲੇ ਯੂਰੀਆ ਖਾਦ ਦੀ ਘਾਟ ਚੱਲ ਰਹੀ ਹੈ, ਪਰ ਇਸ ਦੇ ਬਾਵਜੂਦ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀ ਮਹਿਕਮੇ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕਣਕ ਦੀ ਫ਼ਸਲ ਵਿਚ ਲੋੜ ਤੋਂ ਜ਼ਿਆਦਾ ਯੂਰੀਆ ਬਿਲਕੁਲ ਨਾ ਵਰਤਣ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਥੇ ਕਿਤੇ ਵੀ ਖੇਤਾਂ ਵਿਚ ਕਿਸਾਨਾਂ ਨੂੰ ਯੂਰੀਆ ਦੀ ਕੋਈ ਘਾਟ ਨਜ਼ਰ ਆਉਂਦੀ ਹੈ, ਉਥੇ ਤੁਰੰਤ (ਨਾਈਟਰੋਜਨ) 3 ਫੀਸਦੀ ਯੂਰੀਆ ਦੀ ਸਪਰੇਅ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾਵੇ। ਮਹਿਕਮੇ ਨੇ ਚਿਤਾਵਨੀ ਦਿੱਤੀ ਹੈ ਕਿ ਅੱਜ ਕੱਲ੍ਹ ਫ਼ਸਲ ਵਿਚ ਆਈ ਕਿਸੇ ਵੀ ਕਿਸਮ ਦੀ ਕੋਈ ਘਾਟ, ਸਿੱਧਾ ਫ਼ਸਲ ਦੇ ਉਤਪਾਦਨ ਉਤੇ ਅਸਰ ਪਾ ਸਕਦੀ ਹੈ। ਖੇਤੀ ਵਿਭਾਗ ਵਲੋਂ ਸਹਾਇਕ ਖੇਤੀਬਾੜੀ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਕੁੱਝ ਖੇਤਾਂ ਵਿਚ ਨਾਈਟਰੋਜਨ, ਜਿੰਕ, ਮੈਗਨੀਜ਼, ਗੰਧਕ ਦੀ ਘਾਟ ਸਾਹਮਣੇ ਆਈ ਹੈ, ਜਿਸ ਨੂੰ ਪੂਰਾ ਕਰਨ ਲਈ ਕਿਸਾਨਾਂ ਨੂੰ ਫ਼ਸਲ ਉਤੇ ਉਸੇ ਤੱਤ ਦੀ ਸਪਰੇਅ ਕਰਨ ਲਈ ਕਿਹਾ ਗਿਆ ਹੈ।