ਲਖਵੀਰ ਸਿੰਘ ਚੀਮਾ
ਟੱਲੇਵਾਲ, 17 ਅਗਸਤ
ਸਾਹਿਤ ਚਰਚਾ ਮੰਚ ਬਰਨਾਲਾ ਵੱਲੋਂ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਦਾ ਅਨੁਵਾਦਿਤ ਨਾਵਲ ‘ਭੀੜ’ ਨਾਵਲਕਾਰ ਰਾਮ ਸਰੂਪ ਅਣਖੀ ਦੇ ਬਰਨਾਲਾ ਨਿਵਾਸ ਸਥਾਨ ਵਿੱਚ ਰਿਲੀਜ਼ ਕੀਤਾ ਗਿਆ। ਇਹ ਰਸਮ ਡਾ. ਕਰਾਂਤੀ ਪਾਲ, ਚੇਅਰਮੈਨ ਆਧੁਨਿਕ ਭਾਰਤੀ ਭਾਸ਼ਾਵਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਨੇ ਅਦਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ ਕਿ ਉਸ ਦੇ ਪਿਤਾ ਰਾਮ ਸਰੂਪ ਅਣਖੀ ਦੇ ਨਿਕਟਵਰਤੀ ਰਹੇ ਬੂਟਾ ਸਿੰਘ ਚੌਹਾਨ ਨੇ ਮਰਾਠੀ ਲੇਖਕ ਸ਼ਰਣ ਕੁਮਾਰ ਲਿੰਬਾਲੇ ਦਾ ਤੀਜਾ ਨਾਵਲ ਰਿਲੀਜ਼ ਕਰਨ ਦਾ ਉਨ੍ਹਾਂ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ ਜਾਤੀਵਾਦ ਅਜੇ ਵੀ ਚਰਮ ਸੀਮਾ ’ਤੇ ਹੈ। ਨਾਵਲ ਵਿਚ ਜ਼ਾਤੀ ਆਧਾਰ ‘ਤੇ ਇਕ ਦਲਿਤ ਅਧਿਆਪਕ ਨੂੰ ਫਾਹੇ ਲਾ ਦਿੱਤਾ ਜਾਂਦਾ ਹੈ। ਇਸ ਮੌਕੇ ਡਾ. ਜਸਵਿੰਦਰ ਕੌਰ ਵੀਨੂੰ, ਡਾ. ਭੁਪਿੰਦਰ ਸਿੰਘ ਬੇਦੀ, ਤੇਜਾ ਸਿੰਘ ਤਿਲਕ ਪ੍ਰਧਾਨ ਪੰਜਾਬੀ ਸਾਹਿਤ ਸਭਾ ਬਰਨਾਲਾ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫ਼ਿਰ ਵੀ ਹਾਜ਼ਰ ਸਨ।