ਖੇਤਰੀ ਪ੍ਰਤੀਨਿਧ
ਬਰਨਾਲਾ, 2 ਅਕਤੂਬਰ
ਪੰਜਾਬ ਜਮਹੂਰੀ ਮੋਰਚਾ ਵੱਲੋਂ ਆਪਣੀ ਪਹਿਲੀ ਜਥੇਬੰਦਕ ਕਨਵੈਨਸ਼ਨ ਸਥਾਨਕ ਤਰਕਸ਼ੀਲ ਭਵਨ ਵਿਚ ਕੀਤੀ ਗਈ। ਕਿਸਾਨ ਆਗੂ ਅਵਤਾਰ ਸਿੰਘ ਮਹਿਮਾ, ਗੁਰਮੀਤ ਸਿੰਘ ਦਿੱਤੂਪੁਰ, ਮਹਿਮਾ ਸਿੰਘ ਧਨੌਲਾ, ਰਾਜਿੰਦਰ ਭਦੌੜ, ਜੀਵਨ ਬਿਲਾਸਪੁਰ ਤੇ ਕੁਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ’ਚ ਹਰਜਿੰਦਰ ਸਿੰਘ ਪਟਿਆਲਾ ਨੇ ਮੋਰਚੇ ਦੇ ਗਠਨ ਦੀ ਅਹਿਮੀਅਤ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੋਰਚੇ ਦਾ ਐਲਾਨਨਾਮਾ, ਉਦੇਸ਼, ਭਵਿੱਖੀ ਕਾਰਜਾਂ ਅਤੇ ਜਥੇਬੰਦਕ ਢਾਂਚੇ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਮੋਰਚਾ ਦੇਸ਼ ਉਪਰ ਕਾਬਜ਼ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਦੇਸ਼ ਦੇ ਕਿਰਤੀਆਂ, ਦਲਿਤਾਂ, ਔਰਤਾਂ ਦੀ ਜਥੇਬੰਦਕ ਤਾਕਤ ਨੂੰ ਇੱਕਜੁਟ ਕਰਨ, ਫਾਸ਼ੀਵਾਦ ਦੇ ਵਿਰੋਧ ਵਿੱਚ ਖੜ੍ਹੀਆਂ ਸ਼ਕਤੀਆਂ ਦਾ ਸਾਝਾਂ ਮੋਰਚਾ ਬਣਾਉਣ ਲਈ ਯਤਨਸ਼ੀਲ ਰਹੇਗਾ। ਕਨਵੈਨਸ਼ਨ ਵਿੱਚ ਪਾਸ ਕੀਤੇ ਮਤਿਆਂ ਵਿਚ ਪੰਜਾਬ ਸਰਕਾਰ ਵਲੋਂ ਸ਼ੰਘਰਸਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜਬਰ ਅਤੇ ਸੰਘਰਸ਼ਾਂ ਉੱਪਰ ਪਾਬੰਦੀਆਂ ਲਗਾਉਣ ਤੇ ਯੂਏਪੀਏ ਤਹਿਤ ਗ੍ਰਿਫ਼ਤਾਰੀਆਂ ਆਦਿ ਦੀ ਨਿਖੇਧੀ ਕੀਤੀ ਗਈ।
ਇਸ ਮੌਕੇ ਸਰਬਸੰਮਤੀ ਨਾਲ ਕੀਤੀ ਚੋਣ ਵਿਚ ਚਾਰ ਮੈਂਬਰੀ ਸੂਬਾ ਜਥੇਬੰਦਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਵਿੱਚ ਜੁਗਰਾਜ ਸਿੰਘ ਟੱਲੇਵਾਲ ਨੂੰ ਕਨਵੀਨਰ, ਜਸਵੰਤ ਸਿੰਘ ਪੱਟੀ, ਮਾਸਟਰ ਸੁੱਚਾ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਆਸ ਪ੍ਰਗਟਾਈ ਕਿ ਨਵੀਂ ਚੁਣੀ ਕਮੇਟੀ ਮੌਜੂਦਾ ਸਮੇਂ ਵਿੱਚ ਸਮਾਜ ਨੂੰ ਬਦਲਵੀਂ ਸਿਆਸੀ ਸੇਧ ਪ੍ਰਦਾਨ ਕਰਦਿਆਂ ਅਹਿਮ ਭੂਮਿਕਾ ਅਦਾ ਕਰੇਗੀ। ਇਸ ਮੌਕੇ ਰਣਧੀਰ ਸਿੰਘ ਧੀਰਾ, ਜੁਗਰਾਜ ਸਿੰਘ ਧੌਲਾ, ਸੱਤਪਾਲ ਬੰਗਾਂ, ਗੁਰਮੀਤ ਸਿੰਘ ਜੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ।