ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 21 ਅਪਰੈਲ
ਲੋਕ ਮੋਰਚਾ ਪੰਜਾਬ ਨੇ ਸਮਾਜ ਦੇ ਸਭਨਾਂ ਤਬਕਿਆਂ ਨੂੰ ਫਿਰਕੂ ਸ਼ਕਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਮੋਰਚੇ ਦੇ ਸੂਬਾ ਸਕੱਤਰ ਜਗਮੇਲ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਖੁੱਡੀਆਂ ਨੇ ਕਿਹਾ ਕਿ ਭਾਜਪਾ ਦੀ ਫਿਰਕੂ ਫਾਸ਼ੀ ਸਿਆਸਤ ਦੇ ਖ਼ਿਲਾਫ਼, ਕਿਸੇ ਵਕਤ ਕਿਸਾਨ ਸੰਘਰਸ਼ ਅਸਰਦਾਰ ਰੋਕ ਬਣ ਕੇ ਉੱਭਰਿਆ ਸੀ ਅਤੇ ਇਸ ਨੇ ਪਿਛਲੇ ਸਮੇਂ ਅੰਦਰ ਅਨੇਕਾਂ ਥਾਵਾਂ ’ਤੇ ਲੋਕਾਂ ਦੀ ਭਾਈਚਾਰਕ ਸਾਂਝ ਵਿਚਲੀਆਂ ਦੁਫੇੜਾਂ ਨੂੰ ਮੱਧਮ ਪਾ ਕੇ ਹਕੀਕੀ ਲੋਕ ਸਾਂਝ ਉਭਾਰੀ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸ ਸੰਗਰਾਮੀ ਸਾਂਝ ਨੇ ਵੰਡ ਪਾਊ ਸਿਆਸਤ ਨੂੰ ਪਿਛਾਂਹ ਧੱਕਿਆ ਸੀ ਪਰ ਹੁਣ ਇੱਕ ਵਾਰ ਫਿਰ ਫਾਸ਼ੀਵਾਦੀ ਤਾਕਤਾਂ ਵੱਲੋਂ ਲੋਕਾਂ ਦੀ ਸਾਂਝ ਦੀ ਇਸ ਪ੍ਰਾਪਤੀ ਨੂੰ ਖੋਰਨ ਅਤੇ ਸਮਾਜ ਦਾ ਫਿਰਕੂਕਰਨ ਕੀਤੇ ਜਾਣ ਦੀਆਂ ਜ਼ੋਰਦਾਰ ਕੋਸ਼ਿਸ਼ਾਂ ਹੋ ਰਹੀਆਂ ਹਨ।
ਗੰਭੀਰ ਸਿੱਟੇ ਭੁਗਤਣ ਦਾ ਐਲਾਨ
ਫ਼ਿਰੋਜ਼ਪੁਰ (ਨਿੱਜੀ ਪੱਤਰ ਪੇ੍ਰਕ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਸਰਕਾਰੀ ਬੈਂਕਾਂ ਦੇ ਡਿਫ਼ਾਲਟਰ ਕਿਸਾਨਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਸਪਸ਼ਟ ਐਲਾਨ ਕੀਤਾ ਹੈ ਕਿ ਜਥੇਬੰਦੀ ਕਿਸੇ ਵੀ ਕਰਜ਼ਾਈ ਕਿਸਾਨ ਦੀ ਨਾ ਤਾਂ ਗ੍ਰਿਫ਼ਤਾਰੀ ਹੋਣ ਦੇਵੇਗੀ ਤੇ ਹੀ ਕਿਸੇ ਕਿਸਾਨ ਦੀ ਜ਼ਮੀਨ ਨਿਲਾਮ ਹੋਣ ਦਿੱਤੀ ਜਾਵੇਗੀ। ਇਸ ਮੌਕੇ ਰਣਬੀਰ ਸਿੰਘ ਠੱਠਾ,ਇੰਦਰਜੀਤ ਸਿੰਘ ਬਾਠ ਅਤੇ ਸੁਖਵੰਤ ਸਿੰਘ ਲੋਹਕਾ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਤੇ ਨੋਟਿਸ ਭੇਜਣੇ ਬੰਦ ਕਰੇ ਨਹੀਂ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।