ਜਸਵੰਤ ਜੱਸ
ਫ਼ਰੀਦਕੋਟ, 17 ਫ਼ਰਵਰੀ
ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਤਿੰਨ ਪ੍ਰਮੁੱਖ ਪਾਰਟੀਆਂ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ ਲੈ ਕੇ ਇੱਥੋਂ ਦੇ ਉਮੀਦਵਾਰ ਆਪਸ ਵਿੱਚ ਮਹਿਣੋਂ-ਮਹਿਣੀ ਹੋ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਇੱਕ ਦੂਜੇ ਦੇ ਦਾਅਵਿਆਂ ਤੇ ਮੈਨੀਫੈਸਟੋ ਨੂੰ ਭੰਡ ਰਹੇ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਨੇ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਕਲਾਂ, ਗੋਲੇਵਾਲਾ, ਪਿੱਪਲੀ ਅਤੇ ਸਾਧਾਂਵਾਲਾ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਸੱਤਾ ‘ਚ ਆਉਣ ਉਪਰੰਤ ਸ਼ੂਗਰ ਮਿੱਲ ਨੂੰ ਮੁੜ ਚਲਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ੂਗਰ ਮਿੱਲ ਅਕਾਲੀ ਦਲ ਦੇ ਰਾਜ ਭਾਗ ਵੇਲੇ ਹੀ ਬੰਦ ਕੀਤੀ ਗਈ ਸੀ ਅਤੇ ਇਸ ਦੀ 135 ਕਿੱਲੇ ਜ਼ਮੀਨ ਪੁੱਡਾ ਨੂੰ ਵੇਚ ਦਿੱਤੀ ਸੀ। ਇਸ ਤੋਂ ਇਲਾਵਾ ਸ਼ੂਗਰ ਮਿੱਲ ਦੇ ਜੰਗਲ ਨੂੰ ਕਾਂਗਰਸ ਪਾਰਟੀ ਦੇ ਰਾਜ ਵਿੱਚ ਉਜਾੜਿਆ ਗਿਆ। ਕਾਂਗਰਸ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਵੱਲੋਂ ਵਿਧਾਨ ਸਭਾ ਹਲਕੇ ਲਈ ਜਾਰੀ ਕੀਤੇ ਚੋਣ ਮੈਨੀਫੈਸਟੋ ਨੂੰ ਸ਼੍ਰੋਮਣੀ ਅਕਾਲੀ ਤੇ ਬਸਪਾ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਪੰਜ ਸਾਲਾਂ ਵਿੱਚ ਸਰਕਾਰੀ ਖਜ਼ਾਨੇ ਵਿੱਚੋਂ ਫਰੀਦਕੋਟ ਵਿਧਾਨ ਸਭਾ ਹਲਕੇ ਲਈ 665 ਕਰੋੜ ਰੁਪਏ ਜਾਰੀ ਹੋਏ ਹਨ ਪਰੰਤੂ ਇਹ ਪੈਸਾ ਸ਼ਹਿਰ ਵਿੱਚ ਖਰਚ ਹੋਇਆ ਨਜ਼ਰ ਨਹੀਂ ਆ ਰਿਹਾ। ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਿਛਲੇ ਪੰਜਾਂ ਸਾਲਾਂ ਵਿੱਚ ਖੁਦ ਨਹੀਂ ਸਾਂਭ ਸਕੀ ਤਾਂ ਉਹ ਖੁਦ ਨੂੰ ਕਿੱਥੋਂ ਸਾਂਭੇਗੀ। ਉਨ੍ਹਾਂ ਕਿਹਾ ਕਿ ‘ਆਪ’ ਆਗੂਆਂ ਦੀ ਪੰਜਾਬ ਲਈ ਕੋਈ ਕੁਰਬਾਨੀ ਨਹੀਂ ਅਤੇ ਨਾ ਹੀ ਪੰਜਾਬ ਦੇ ਭਲੇ ਲਈ ਉਨ੍ਹਾਂ ਕੋਲ ਕੋਈ ਰੋਡ ਮੈਪ ਹੈ। ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਨੇ ਕਿਹਾ ਕਿ ਨਸ਼ੇ ਅਤੇ ਬੇਰੁਜ਼ਗਾਰੀ ਦੇ ਖਾਤਮੇ ਲਈ ਤਿੰਨੇ ਪਾਰਟੀਆਂ ਲੋਕਾਂ ਸਾਹਮਣੇ ਆਪਣਾ ਕੋਈ ਏਜੰਡਾ ਪੇਸ਼ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਆਉਣ ’ਤੇ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ।