ਜਸਵੰਤ ਜੱਸ
ਫਰੀਦਕੋਟ, 8 ਜੂਨ
ਫਰੀਦਕੋਟ ਲੋਕ ਸਭਾ ਹਲਕੇ ਵਿੱਚ ਚੋਣ ਲੜਨ ਵਾਲੇ ਬਹੁਤੇ ਉਮੀਦਵਾਰ ਫਰੀਦਕੋਟ ਜ਼ਿਲ੍ਹੇ ਤੋਂ ਬਾਹਰਲੇ ਸਨ ਅਤੇ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਸਾਰੇ ਸਿਆਸੀ ਆਗੂ ਇੱਥੋਂ ਇੱਕ ਵਾਰ ਵਾਪਸ ਚਲੇ ਗਏ ਹਨ। ਅਜੇ ਤੱਕ ਕਿਸੇ ਵੀ ਸਿਆਸੀ ਆਗੂ ਨੇ ਲੋਕ ਸਭਾ ਹਲਕੇ ਵਿੱਚ ਵੋਟਰਾਂ ਦੇ ਧੰਨਵਾਦ ਲਈ ਦੌਰੇ ਸਬੰਧੀ ਵੇਰਵੇ ਜਾਰੀ ਨਹੀਂ ਕੀਤੇ। ਸੂਚਨਾ ਅਨੁਸਾਰ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਲੰਧਰ ਨਾਲ ਸਬੰਧਿਤ ਹਨ ਅਤੇ ਉਹ ਅਗਲੇ ਦਿਨਾਂ ਵਿੱਚ ਫਰੀਦਕੋਟ ਨਹੀਂ ਆ ਰਹੇ ਅਤੇ ਸਿਰਫ ਭਾਜਪਾ ਵਰਕਰ ਹੀ ਲੋਕ ਸਭਾ ਹਲਕੇ ਵਿੱਚ ਵੋਟਰਾਂ ਦਾ ਧੰਨਵਾਦ ਕਰਨਗੇ। ਨਤੀਜਿਆਂ ਵਿੱਚ ਦੂਜੇ ਨੰਬਰ ’ਤੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਵੀ ਅਜੇ ਤੱਕ ਆਪਣੇ ਧੰਨਵਾਦੀ ਦੌਰਿਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਚੰਡੀਗੜ੍ਹ ਬੁਲਾਇਆ ਹੋਇਆ ਹੈ। ਫਰੀਦਕੋਟ ਤੋਂ ਜੇਤੂ ਰਹੇ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਨੇ ਵੀ ਲੋਕ ਸਭਾ ਹਲਕੇ ਵਿੱਚ ਆਪਣੇ ਧੰਨਵਾਦੀ ਦੌਰੇ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਹਾਲਾਂਕਿ ਉਸ ਦੇ ਦਫਤਰ ’ਚ ਗੋਰਾ ਸਿੰਘ ਨੇ ਕਿਹਾ ਕਿ ਜਲਦ ਹੀ ਸਰਬਜੀਤ ਸਿੰਘ ਫਰੀਦਕੋਟ ਲੋਕ ਸਭਾ ਹਲਕੇ ਵਿੱਚ ਵੋਟਰਾਂ ਨੂੰ ਮਿਲਣ ਲਈ ਆ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਅਤੇ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਨੇ ਵੀ ਅਜੇ ਤੱਕ ਆਪਣੇ ਧੰਨਵਾਦੀ ਦੌਰੇ ਦੇ ਕੋਈ ਵੇਰਵੇ ਆਪਣੇ ਪਾਰਟੀ ਦੇ ਆਗੂਆਂ ਨਾਲ ਸਾਂਝੇ ਨਹੀਂ ਕੀਤੇ। ਨਤੀਜਿਆਂ ਮਗਰੋਂ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਵੀ ਹਲਕੇ ਵਿੱਚੋਂ ਗਾਇਬ ਹਨ। ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਗਏ ਹੋਏ ਹਨ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਆਪਣੇ ਹਲਕੇ ਵਿੱਚ ਨਹੀਂ ਹਨ ਅਤੇ ਉਹ ਚੰਡੀਗੜ੍ਹ ਵਿੱਚ ਹੀ ਹਨ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਨਤੀਜਿਆਂ ਤੋਂ ਬਾਅਦ ਉਹ ਆਪਣੇ ਹਲਕੇ ਵਿੱਚ ਹੀ ਹਨ ਅਤੇ ਅਗਲੇ ਕੁਝ ਦਿਨਾਂ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੈ ਅਤੇ ਇਸ ਮੀਟਿੰਗ ਉਪਰੰਤ ਕਰਮਜੀਤ ਅਨਮੋਲ ਸਮੁੱਚੇ ਲੋਕ ਸਭਾ ਹਲਕੇ ਵਿੱਚ ਧੰਨਵਾਦੀ ਦੌਰਾ ਕਰਨਗੇ। ਹਾਰਨ ਵਾਲੀਆਂ ਪਾਰਟੀਆਂ ਦੇ ਸਾਰੇ ਆਗੂ ਧੰਨਵਾਦੀ ਦੌਰਿਆਂ ਤੋਂ ਪਹਿਲਾਂ ਨਤੀਜਿਆਂ ਸਬੰਧੀ ਜਾਰੀ ਹੋਏ ਅੰਕੜਿਆਂ ਦੀ ਸਮੀਖਿਆ ਕਰ ਰਹੇ ਹਨ।