ਪੱਤਰ ਪ੍ਰੇਰਕ
ਫਤਿਹਗੜ੍ਹ ਪੰਜਤੂਰ, 26 ਅਗਸਤ
ਪੰਜਾਬ ਦੇ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਕੁਝ ਚਿਰ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ, ਨੂੰ ਇਨਸਾਫ ਦਿਵਾਉਣ ਲਈ ਮੂਸੇਵਾਲਾ ਦੇ ਪਰਿਵਾਰ ਦੇ ਸੱਦੇ ’ਤੇ ਇੱਥੋਂ ਦੇ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮਾਰਚ ’ਚ ਫਤਿਹਗੜ੍ਹ ਪੰਜਤੂਰ ਦੇ ਵੱਡੀ ਗਿਣਤੀ ’ਚ ਨੌਜਵਾਨ ਸ਼ਾਮਲ ਹੋਏ। ਮਰਹੂਮ ਗਾਇਕ ਮੁਸੇਵਾਲਾ ਦੇ ਪਰਿਵਾਰ ਵੱਲੋਂ ਪੂਰੇ ਪੰਜਾਬ ’ਚ ਕੈਂਡਲ ਮਾਰਚ ਕੱਢਣ ਦਾ ਸੱਦਾ ਦਿੱਤਾ ਗਿਆ ਜਿਸ ਦੇ ਚੱਲਦੇ ਕਸਬਾ ਫਤਿਹਗੜ੍ਹ ਪੰਜਤੂਰ ’ਚ ਵੀ ਵੱਡੀ ਗਿਣਤੀ ’ਚ ਪ੍ਰਸ਼ੰਸਕਾਂ ਤੇ ਨੌਜਵਾਨਾਂ ਵੱਲੋਂ ਸ਼ਾਂਤਮਈ ਮੋਮਬੱਤੀ ਮਾਰਚ ਕੱਢਿਆ ਗਿਆ। ਇਹ ਮਾਰਚ ਕਸਬੇ ਦੇ ਚੋਟੀਆਂ ਰੋਡ ਤੋਂ ਸ਼ੁਰੂ ਹੋ ਕੇ ਮੁੱਖ ਫਿਰਨੀ ਤੇ ਬਾਜ਼ਾਰ ’ਚ ਹੁੰਦਾ ਹੋਇਆ ਰੋਡ ਤੇ ਸਮਾਪਤ ਹੋਇਆ।
ਮਲੋਟ (ਨਿੱਜੀ ਪੱਤਰ ਪ੍ਰੇਰਕ) ਵਾਰਡ ਨੰ. 13 ਦੀਆਂ ਵਸਨੀਕ ਔਰਤਾਂ ਸਣੇ ਕਈ ਵਿਅਕਤੀਆਂ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਨਸਾਫ਼ ਦੀ ਮੰਗ ਕੀਤੀ। ਇਸ ਮੌਕੇ ਇਸ ਮੌਕੇ ਕੌਂਸਲਰ ਰੁਪਿੰਦਰ ਕੌਰ, ਅਮਰਜੀਤ ਕੌਰ ਸਿੱਧੂ ਮੈਡਮ ਨੀਨਾ, ਰਾਜਪੂਤ ਕੌਰ, ਨਰਿੰਦਰ ਕੌਰ, ਵੀਰਪਾਲ ਕੌਰ, ਗੁਰਪ੍ਰੀਤ ਕੌਰ ਆਦਿ ਨੇ ਕਿਹਾ ਕਿ ਪੰਜਾਬ ਦਾ ਮਹੌਲ ਇਨ੍ਹਾਂ ਵਿਗੜਦਾ ਜਾ ਰਿਹਾ ਹੈ ਕਿ ਹਰ ਵਿਅਕਤੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਬੱਡੀ ਖਿਡਾਰੀ ਨੰਗਲ ਅੰਬੀਆਂ ਤੇ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੇ ਕੋਈ ਵੀ ਚਿੱਟੇ ਦਿਨ ਕਿਸੇ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਦੇਸ਼ਾਂ ’ਚ ਬੈਠ ਕੇ ਕਤਲਾਂ ਦੀਆਂ ਜ਼ਿੰਮੇਵਾਰੀਆਂ ਲੈਣ ਵਾਲੇ ਗੈਂਗਸਟਰਾਂ ਨੂੰ ਪੰਜਾਬ ਪੁਲੀਸ ਭਾਰਤ ਲਿਆਵੇ ਤੇ ਪੁੱਛਗਿੱਛ ਕਰੇ।