ਜਸਵੰਤ ਜੱਸ
ਫ਼ਰੀਦਕੋਟ, 20 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਦੂਤ ਬਣ ਕੇ ਫ਼ਰੀਦਕੋਟ ਕਾਂਗਰਸ ਵਿੱਚ ਸੁਲ੍ਹਾ ਕਰਾਉਣ ਪੁੱਜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਫੇਰੀ ਨੇ ਕਾਂਗਰਸ ਨੂੰ ਇੱਕਮੁੱਠ ਕਰਨ ਦੀ ਥਾਂ ਦੋਫਾੜ ਕਰ ਦਿੱਤਾ ਹੈ। ਇਕ ਦਿਨ ਪਹਿਲਾਂ ਨਗਰ ਕੌਂਸਲ ਕੋਟਕਪੂਰਾ ਦੀ ਚੋਣ ਵਿੱਚ ਅਬਜ਼ਰਵਰ ਵਜੋਂ ਆਏ ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਦੇ 21 ਮਿਉਂਸਿਪਲ ਕੌਂਸਲਰਾਂ ਨੇ ਮਿਲਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਉਹ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋਏ। ਇਸੇ ਤਰ੍ਹਾਂ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਜੇਪਾਲ ਸਿੰਘ ਸੰਧੂ ਅਤੇ ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਸਾਧੂ ਸਿੰਘ ਧਰਮਸੋਤ ਨਾਲ ਕੋਈ ਮੁਲਾਕਾਤ ਨਹੀਂ ਕੀਤੀ। ਕੋਟਕਪੂਰਾ ਅਤੇ ਜੈਤੋ ਨਗਰ ਕੌਂਸਲਾਂ ਦੀ ਚੋਣ ਕਾਂਗਰਸ ਲਈ ਵੱਡਾ ਕਲੇਸ਼ ਬਣਿਆ ਹੋਇਆ ਹੈ ਹਾਲਾਂਕਿ ਕੁਝ ਦਿਨ ਪਹਿਲਾਂ ਜੈਤੋ ਨਗਰ ਕੌਂਸਲ ਦੀ ਚੋਣ ਸੰਪੰਨ ਹੋ ਗਈ ਸੀ ਅਤੇ ਕੋਟਕਪੂਰਾ ਨਗਰ ਕੌਂਸਲ ਦੀ ਚੋਣ ਸਮੁੱਚੀ ਪਾਰਟੀ ਲੀਡਰਸ਼ਿਪ ਦੀ ਸਹਿਮਤੀ ਨਾਲ ਕਰਵਾਈ ਜਾਣੀ ਸੀ ਪ੍ਰੰਤੂ ਕਿਸੇ ਵੀ ਕਾਂਗਰਸੀ ਆਗੂ ਨੇ ਸਾਧੂ ਸਿੰਘ ਧਰਮਸੋਤ ਨਾਲ ਗੱਲ ਕਰਨੀ ਠੀਕ ਨਹੀਂ ਸਮਝੀ ਅਤੇ ਉਨ੍ਹਾਂ ਉਪਰ ਪੱਖਪਾਤ ਤੇ ਪਾਰਟੀ ਨੂੰ ਦੋਫਾੜ ਕਰਨ ਦੇ ਦੋਸ਼ ਲਾਏ।
ਇਕ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਪਾਰਟੀ ਨੂੰ ਇਕਮੁੱਠ ਕਰਨ ਦੀ ਥਾਂ ਦੋਫਾੜ ਕਰ ਦਿੱਤਾ ਹੈ ਅਤੇ ਇਸ ਦੇ ਨਤੀਜੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਖ਼ਤਰਨਾਕ ਹੋ ਸਕਦੇ ਹਨ। ਕੋਟਕਪੂਰਾ ਅਤੇ ਜੈਤੋ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ ਪਿਛਲੇ ਦਸਾਂ ਸਾਲਾਂ ਤੋਂ ਲਗਾਤਾਰ ਹਾਰਦੀ ਆ ਰਹੀ ਹੈ। ਸਥਾਨਕ ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਗੱਲ ਕਰਨ ਦੀ ਥਾਂ ਬਾਹਰੋਂ ਲਿਆਂਦੇ ਆਗੂਆਂ ਨੂੰ ਅਹਿਮੀਅਤ ਦੇਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਸਮੁੱਚਾ ਵਿਵਾਦ ਪੈਦਾ ਹੋ ਗਿਆ।
ਹੁਣ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਦੀ ਚੋਣ ਦਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਅਤੇ ਸੋਮਵਾਰ ਨੂੰ ਇਸ ਉੱਪਰ ਕੋਈ ਅਦਾਲਤ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ। ਫ਼ਰੀਦਕੋਟ ਜ਼ਿਲ੍ਹੇ ਵਿੱਚ ਕਾਂਗਰਸ ਦੇ ਤਿੰਨ ਵੱਡੇ ਧੜੇ ਬਣ ਗਏ ਹਨ। ਕਾਂਗਰਸ ਦੇ ਇੱਕ ਧੜੇ ਨੇ ਸ਼ਹਿਰ ਵਿੱਚ ਸਾਬਕਾ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਵਾਲੇ ਬੋਰਡ ਵੀ ਲਗਵਾ ਦਿੱਤੇ ਹਨ। ਇਸ ਤੋਂ ਪਹਿਲਾਂ ਸ਼ਹਿਰ ਵਿੱਚ ਵਿਧਾਇਕ ਪਰਗਟ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵੀ ਬੋਰਡ ਲੱਗੇ ਹਨ ਕਿਉਂਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫ਼ਤਰ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਹਿਰ ਵਿੱਚ ਕੈਪਟਨ ਦੀ ਅਗਵਾਈ ਵਾਲੇ ਬੋਰਡ ਲਗਵਾਏ ਸਨ।
ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਦੀ ਫੇਰੀ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣ-ਬੁੱਝ ਕੇ ਮੁੱਖ ਮੰਤਰੀ ਨੂੰ ਗੁੰਮਰਾਹ ਕਰ ਰਹੇ ਹਨ ਜਿਸ ਕਰਕੇ ਜ਼ਿਲ੍ਹਾ ਕਾਂਗਰਸ ਕਮੇਟੀ ਵਿੱਚ ਫੁੱਟ ਪੈ ਰਹੀ ਹੈ ਅਤੇ ਇਹ ਫੁੱਟ ਪਾਰਟੀ ਲਈ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਖ਼ਤਰਨਾਕ ਸਾਬਤ ਹੋ ਸਕਦੀ ਹੈ।