ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 10 ਜੁਲਾਈ
ਬੀਤੀ ਰਾਤ ਬਠਿੰਡਾ ਡੱਬਵਾਲੀ ਨੈਸ਼ਨਲ ਹਾਈਵੇਅ ’ਤੇ ਪਿੰਡ ਗੁਰੂਸਰ ਸੈਣੇਵਾਲਾ ਗੋਦਾਮ ਕੋਲ ਕਾਰ ਅਤੇ ਸਾਈਕਲ ਦੀ ਟੱਕਰ ਹੋ ਗਈ ਜਿਸ ਵਿੱਚ ਸਾਈਕਲ ਸਵਾਰ ਦਾਦਾ-ਪੋਤਾ ਗਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਦਾਦੇ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਸਾਈਕਲ ਸਵਾਰ ਦੀ ਪਛਾਣ ਕਾਕਾ ਸਿੰਘ (45) ਪੁੱਤਰ ਸਰੂਪ ਸਿੰਘ ਅਤੇ ਲੜਕੇ ਦੀ ਪਹਿਚਾਣ ਜਸ਼ਨਦੀਪ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਗੁਰੂਸਰ ਸੈਣੇਵਾਲਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਕਾਰ ਨੰ. ਪੀ ਬੀ ਓ 4 ਐਕਸ 0100 ਫਰੀਦਕੋਟ ਤੋਂ ਸਿਰਸੇ ਜਾ ਰਹੇ ਸੀ ਦੁੂਜੇ ਪਾਸੇ ਦਾਦਾ ਪੋਤਾ ਸਾਈਕਲ ’ਤੇ ਆਪਣੇ ਘਰ ਜਾ ਰਹੇ ਸਨ। ਦੋਵੇਂ ਉਕਤ ਸਥਾਨ ’ਤੇ ਪਹੁੰਚੇ ਤਾਂ ਕਾਰ ਨੇ ਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਦਾਦਾ ਪੋਤਾ ਗਭੀਰ ਜ਼ਖ਼ਮੀ ਹੋ ਗਿਆ ਜਿਨ੍ਹਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਦਾਦੇ ਨੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਤੋੜ ਦਿੱਤਾ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸੰਗਤ ਦੀ ਪੁਲੀਸ ਵੱਲੋਂ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਕੋਟਕਪੂਰਾ ਕੌਮੀ ਮਾਰਗ ਉੱਤੇ ਪਿੰਡ ਸਿੰਘਾਂਵਾਲਾ ਕੋਲ ਲੰਘਦੀ ਰਾਤ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੈਡੀਕਲ ਪ੍ਰੈਕਟੀਸ਼ਨਰ ਦੀ ਮੌਤ ਹੋ ਗਈ। ਥਾਣਾ ਸਿਟੀ ਦੱਖਣੀ ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਉੱਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏਐੱਸਆਈ ਅਸ਼ੋਕ ਕੁਮਾਰ ਮੁਤਾਬਕ ਸੁਖਚੈਨ ਸਿੰਘ ਉਮਰ ਕਰੀਬ 30 ਸਾਲ ਪਿੰਡ ਚੰਦ ਨਵਾਂ ਦਾ ਰਹਿਣ ਵਾਲਾ ਸੀ। ਉਹ ਪਿੰਡ ਭਿੰਡਰ ਕਲਾਂ ਵਿੱਚ ਕਲੀਨਕ ਚਲਾਉਂਦਾ ਸੀ। ਲੰਘੀ ਰਾਤ ਉਹ ਆਪਣਾ ਕਲੀਨਿਕ ਬੰਦ ਕਰਕੇ ਮੋਟਰ ਸਾਈਕਲ ਉੱਤੇ ਆਪਣੇ ਪਿੰਡ ਚੰਦ ਨਵਾਂ ਆ ਰਿਹਾ ਸੀ।
ਪਿੰਡ ਸਿੰਘਾਂ ਵਾਲਾ ਤੋਂ ਕਰਿਆਨੇ ਦੀ ਦੁਕਾਨ ਤੋਂ ਘਰੇਲੂ ਸਾਮਾਨ ਲੈ ਕੇ ਆਪਣੇ ਪਿੰਡ ਜਾਣ ਲੱਗਾ ਤਾਂ ਪਿੱਛੋਂ ਕਿਸੇ ਤੇਜ਼ ਰਫਤਾਰ ਵਾਹਨ ਨੇ ਮੋਟਰਸਾਈਕਲ ਨੂੰ ਲਪੇਟ ਵਿੱਚ ਲੈ ਲਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੈਡੀਕਲ ਪ੍ਰੈਕਟੀਸ਼ਨਰ ਸੁਖਚੈਨ ਸਿੰਘ ਦੇ ਪਿਤਾ ਬਲਰਾਜ ਸਿੰਘ ਦੇ ਬਿਆਨ ’ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੜਕ ਹਾਦਸੇ ’ਚ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ
ਸਿਰਸਾ (ਪ੍ਰਭ ਦਿਆਲ): ਇਥੋਂ ਦੇ ਪਿੰਡ ਮੰਗਾਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਵਿੱਚ ਇਕ ਮਹਿਲਾ ਦੀ ਮੌਤ ਹੋ ਗਈ ਜਦੋਂ ਕਿ ਉਸ ਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਨਾਗਰਿਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾ ਦੀ ਦੇਹ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੰਗਾਲਾ ਵਾਸੀ ਸੁਰਜੀਤ ਆਪਣੀ ਪਤਨੀ ਰਜਨੀ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ ਤਾਂ ਰਾਹ ਵਿੱਚ ਇਕ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਉਹ ਦੋਵੇਂ ਸੜਕ ’ਤੇ ਡਿੱਗ ਪਏ ਤੇ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਦੋਵਾਂ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਰਜਨੀ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕਾਰ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।