ਟ੍ਰਿਬਿਊਨ ਨਿਊਜ਼ ਸਰਵਿਸ
ਜਲਾਲਾਬਾਦ, 11 ਅਕਤੂਬਰ
ਸ਼ਹਿਰ ਦੇ ਪੀਐੱਨਬੀ ਰੋਡ ’ਤੇ ਸਥਿੱਤ ‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਦੇ ਘਰ ਦੇ ਬਾਹਰ ਕਾਰ ਸਵਾਰਾਂ ਵੱਲੋਂ ਹੁੱਲੜਬਾਜ਼ੀ ਕੀਤੀ ਗਈ।
ਇਸ ਸਬੰਧੀ ਸ਼ਿਕਾਇਤਕਰਤਾ ਪੱਤਰਕਾਰ ਚੰਦਰ ਪ੍ਰਕਾਸ਼ ਕਾਲੜਾ ਨੇ ਥਾਣਾ ਸਿਟੀ ਜਲਾਲਾਬਾਦ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਚੰਦਰ ਕਾਲੜਾ ਨੇ ਦੱਸਿਆ ਕਿ 8 ਅਕਤੂਬਰ ਦੀ ਰਾਤ 11.45 ਵਜੇ ਘਰ ਦੇ ਹੇਠਾਂ ਅਚਾਨਕ ਚਾਰ ਕਾਰਾਂ ਆਈਆਂ ਅਤੇ ਕਾਰ ਸਵਾਰਾਂ ਨੇ ਘਰ ਦੇ ਬਾਹਰ ਉੱਚੀ ਉੱਚੀ ਸਾਊਂਡ ਛੱਡ ਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਜਦ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਰੁਕਣ ਦੀ ਬਜਾਏ ਗੱਲ ਨੂੰ ਅਣਗੌਲਿਆ ਕੀਤਾ ਅਤੇ ਗਲਤ ਸ਼ਬਦਾਵਲੀ ਬੋਲਦਿਆਂ ਆਪਣੀ ਹਰਕਤ ਜਾਰੀ ਰੱਖੀ। ਇਸ ਤੋਂ ਬਾਅਦ ਜਦ ਉਨ੍ਹਾਂ ਨੂੰ ਪੁਲੀਸ ਨੂੰ ਸੂਚਿਤ ਕਰਨ ਦੀ ਗੱਲ ਕਹੀ ਤਾਂ ਅੱਗਿਓਂ ਉਨ੍ਹਾਂ ਨੇ ਉੱਚੀ ਆਵਾਜ਼ ’ਚ ਕਿਹਾ,‘ਪੁਲੀਸ ਸਾਡਾ ਕੁੱਝ ਨਹੀਂ ਵਿਗਾੜ ਸਕਦੀ ਹੈ।’ ਇਸ ਤੋਂ ਬਾਅਦ ਜਦੋਂ ਵੀਡਿਓ ਬਣਾਉਣ ਲੱਗੇ ਤਾਂ ਕਾਰ ਸਵਾਰ ਹੁੱਲੜਬਾਜ਼ ਫਰਾਰ ਹੋ ਗਏ। ਇਸ ਦੌਰਾਨ ਇਕ ਕਾਰ ਸਵਾਰ ਸਾਜਨ ਕੁਮਾਰ ਜੋ ਕਾਰ (ਨੰਬਰ- ਡੀਐਲ 2ਸੀ-ਏਐਚ5777) ਨੂੰ ਚਲਾ ਰਿਹਾ ਸੀ, ਦੀ ਪਛਾਣ ਕੀਤੀ ਹੈ। ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਥਾਣਾ ਸਿਟੀ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧੀ ਪੂਰੀ ਪੜਤਾਲ ਕੀਤੀ ਜਾਵੇਗੀ।