ਪਰਮਜੀਤ ਸਿੰਘ
ਫਾਜ਼ਿਲਕਾ, 15 ਜਨਵਰੀ
ਫਾਜ਼ਿਲਕਾ-ਅਬੋਹਰ ਰੋਡ ’ਤੇ ਇਥੋਂ 7 ਕਿਲੋਮੀਟਰ ਦੂਰ ਪਿੰਡ ਬੇਗਾਂ ਵਾਲੀ ਨੇੜੇ ਸੜਕ ਹਾਦਸੇ ’ਚ ਇਕ ਲੜਕੀ ਦੀ ਮੌਤ ਹੋ ਗਈ ਹੈ ਅਤੇ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਜ਼ਿਲਕਾ ਵਾਸੀ ਲੜਕਾ ਅਤੇ ਲੜਕੀ ਅਬੋਹਰ ਤੋਂ ਕਾਰ ’ਚ ਆ ਰਹੇ ਸਨ। ਜਦੋਂ ਉਹ ਪਿੰਡ ਬੇਗਾਂਵਾਲੀ ਨੇੜੇ ਪਹੰਚੇ ਤਾਂ ਕਾਰ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਟਰੈਕਟਰ-ਟਰਾਲੀ ਸੜ੍ਹਕ ’ਤੇ ਖੜ੍ਹੀ ਸੀ ਅਤੇ ਉਹ ਕੁਝ ਸਮਾਂ ਪਹਿਲਾਂ ਹੀ ਹਾਦਸਾਗ੍ਰਸਤ ਹੋਈ ਸੀ ਜਿਸ ਤੋਂ ਬਾਅਦ ਪਿੱਛੋਂ ਕਾਰ ਆ ਕੇ ਇਸ ਟਰਾਲੀ ਨਾਲ ਟਕਰਾ ਗਈ। ਹਾਦਸੇ ਕਾਰਨ ਲੜਕਾ ਅਤੇ ਲੜਕੀ ਗੰਭੀਰ ਜ਼ਖ਼ਮੀ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਲੜਕੀ ਦੀ ਹਾਲਤ ਨਾਜ਼ੁਕ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਵੱਡੇ ਹਸਪਤਾਲ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਸ਼੍ਰੀਗੰਗਾਨਗਰ ਦੇ ਪ੍ਰਾਈਵੇਟ ਹਸਪਤਾਲ ਲੈ ਗਏ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਲੜਕੇ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ।
ਟਰੈਕਟਰ ਦਾ ਐੱਕਸਲ ਟੁੱਟਿਆ; ਵੱਡਾ ਹਾਦਸਾ ਟਲਿਆ
ਜਲਾਲਾਬਾਦ (ਨਿੱਜੀ ਪੱਤਰ ਪ੍ਰੇਰਕ): ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਸ਼ਹਿਰ ਦੇ ਨਵੇਂ ਬੱਸ ਅੱਡੇ ਨਜ਼ਦੀਕ ਅੱਜ ਕਰੀਬ 11 ਵਜੇ ਫੱਕ ਦੀਆਂ ਬੋਰੀਆਂ ਲੱਦੀ ਟਰੈਕਟਰ-ਟਰਾਲੀ ਦਾ ਐੱਕਸਲ ਟੁੱਟ ਗਿਆ ਅਤੇ ਐੱਕਸਲ ਟੁੱਟਣ ਕਾਰਨ ਟਰੈਕਟਰ ਦਾ ਟਾਇਰ ਸਾਹਮਣੇ ਤੋਂ ਆ ਰਹੀ ਕਾਰ ਵਿੱਚ ਜਾ ਵੱਜਿਆ। ਇਸ ਹਾਦਸੇ ’ਚ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਰ ਸਵਾਰ ਵਾਲ-ਵਾਲ ਬਚ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ ਸਵੇਰੇ ਬੋਰੀਆਂ ਨਾਲ ਲੱਦੀ ਟਰੈਕਰ ਟਰਾਲੀ ਗੁਰੂਹਰਸਹਾਏ ਤੋਂ ਜਲਾਲਾਬਾਦ ਵੱਲ ਆ ਰਹੀ ਸੀ। ਨਵੇਂ ਬੱਸ ਅੱਡੇ ਨਜ਼ਦੀਕ ਅਚਾਨਕ ਟਰੈਕਟਰ ਦੇ ਟਾਇਰ ਦਾ ਐੱਕਸਲ ਟੁੱਟ ਗਿਆ ਅਤੇ ਟਾਇਰ ਸੜਕ ’ਤੇ ਫਿਰੋਜ਼ਪੁਰ ਨੂੰ ਜਾ ਰਹੀ ਕਾਰ ’ਚ ਜਾ ਵੱਜਿਆ ਅਤੇ ਟਰੈਕਟਰ ਇਕ ਪਾਸੇ ਹੇਠਾਂ ਵੱਲ ਡਿੱਗ ਪਿਆ। ਇਸ ਹਾਦਸੇ ’ਚ ਕਾਰ ਦਾ ਸ਼ੀਸ਼ਾ ਕਰੈਕ ਹੋ ਗਿਆ ਅਤੇ ਉਸ ’ਚ ਸਵਾਰ ਯਾਤਰੀ ਵਾਲ-ਵਾਲ ਬਚ ਗਏ। ਇਸ ਘਟਨਾ ਤੋਂ ਬਾਅਦ ਕਾਫੀ ਸਮੇਂ ਦੋਵੇਂ ਵਾਹਨ ਚਾਲਕਾਂ ਵਿਚਕਾਰ ਤਿੱਖੀ ਬਹਿਸ ਵੀ ਹੁੰਦੀ ਰਹੀ।