ਗੋਨਿਆਣਾ ਮੰਡੀ (ਪੱਤਰ ਪ੍ਰੇਰਕ ): ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਬਠਿੰਡਾ ਨੇ ਜੀਦਾ ਪਿੰਡ ਵਿਚ ਦਲਿਤਾਂ ਤੇ ਕੀਤੇ ਜਬਰ ਲਈ ਜਾਤਪਾਤੀ/ਮੰਨੂਵਾਦੀ ਮਾਨਸਿਕਤਾ ਅਤੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੀ ਬੇਰੁਖ਼ੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਇਥੇ ਜਾਰੀ ਕੀਤੀ ਪੜਤਾਲੀਆ ਰਿਪੋਰਟ ਵਿਚ ਜ਼ਿਲਾ ਪ੍ਰਧਾਨ ਬੱਗਾ ਸਿੰਘ ਤੇ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਘਟਨਾ ਦੀ ਪੜਤਾਲ ਕਰਨ ਲਈ ਸਭਾ ਨੇ ਖੋਜ ਕਮੇਟੀ ਬਣਾਈ ਸੀ। ਟੀਮ ਵੱਲੋਂ ਜਨਤਕ ਸੁਣਵਾਈ ਵਿਚ ਪੀੜਤ ਪਰਿਵਾਰ ਤੇ ਪਿੰਡ ਦੇ ਦਲਿਤ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜਾਂਚ ਕਮੇਟੀ ਮਜ਼ਦੂਰ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਪੁਲੀਸ ਤੇ ਪਾਵਰਕੌਮ ਦੇ ਜੇਈ ਨੂੰ ਵੀ ਮਿਲੀ। ਜ਼ਮਾਨਤ ਤੇ ਰਿਹਾਅ ਹੋ ਕੇ ਆਏ ਪੀੜਤ ਦਲਿਤ ਨੌਜਵਾਨਾਂ ਦੇ ਵੀ ਬਿਆਨ ਦਰਜ ਕੀਤੇ। ਕਮੇਟੀ ਅਨੁਸਾਰ 12 ਤੇ 13 ਜੁਲਾਈ ਨੂੰ ਬਿਜਲੀ ਦੀਆਂ ਮੋਟਰਾਂ ਦੀਆਂ ਤਾਰਾਂ, ਟਰਾਂਸਫਾਰਮਰਾਂ ਚੋਂ ਤੇਲ ਤੇ ਤਾਂਬਾ ਚੋਰੀ ਕਰਨ ਦੇ ਸ਼ੱਕ ਵਿੱਚ ਪਿੰਡ ਦੇ ਦਲਿਤ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ। ਕਮੇਟੀ ਨੇ ਨੇਹੀਆਂਵਾਲਾ ਪੁਲੀਸ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਪਿੰਡਾਂ ’ਚ ਅਸਲੀ ਚੋਰਾਂ ਦੀ ਪੁਲੀਸ ਨੇ ਕਦੇ ਭਾਲ ਨਹੀਂ ਕੀਤੀ ਤੇ ਨਾ ਹੀ ਬੇਕਸੂਰ ਦਲਿਤਾਂ ਦੀ ਗ਼ੈਰ-ਕਾਨੂੰਨੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਕੇਸ ਹੀ ਦਰਜ ਕੀਤਾ। ਸਭਾ ਨੇ ਪੁਲੀਸ ਅਧਿਕਾਰੀਆਂ ਬਾਰੇ ਕਿਹਾ ਪਤਾ ਲੱਗਣ ਦੇ ਬਾਵਜੂਦ ਦਲਿਤਾਂ ’ਤੇ ਜਬਰ ਦੀਆਂ ਦੋ ਦਿਨ ਵਾਪਰਦੀਆਂ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਕੁਝ ਨਹੀਂ ਕੀਤਾ, ਵਹਿਸ਼ੀ ਜਬਰ ਦਾ ਸ਼ਿਕਾਰ ਬਣਾਏ ਨੌਜਵਾਨਾਂ ਨੂੰ ਜਾਤਪਾਤੀ ਜਬਰ ਰੋਕੂ ਕਾਨੂੰਨ ਤਹਿਤ ਬਣਦਾ ਮੁਆਵਜ਼ਾ ਦਿੱਤਾ ਜਾਵੇ। ਬਿਜਲੀ ਦੀਆਂ ਮੋਟਰਾਂ ਚੋਰੀ ਕੀਤੇ ਜਾਣ ਦੀਆਂ ਵਾਰਦਾਤਾਂ ਵਿੱਚ ਕਿਸੇ ਮਾਫ਼ੀਆ ਦੀ ਸ਼ਮੂਲੀਅਤ ਦੀ ਪੜਤਾਲ ਲਈ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਪੀੜਤ ਕਿਸਾਨਾਂ ਦੀਆਂ ਦੀਆਂ ਮੋਟਰਾਂ ਦੀਆਂ ਕੇਬਲਾਂ ਤੇ ਟਰਾਂਸਫਾਰਮਰ ਤੁਰੰਤ ਬਦਲੇ ਜਾਣ।