ਜਗਤਾਰ ਅਣਜਾਣ
ਮੌੜ ਮੰਡੀ, 31 ਅਗਸਤ
ਨਗਰ ਕੌਂਸਲ ਮੌੜ ਪਾਵਰਕੌਮ ਦੀ ਅਜਿਹੀ ਕਰਜ਼ਦਾਰ ਹੋਈ ਕਿ ਪਾਵਰਕੌਂਮ ਦੇ ਅਧਿਕਾਰੀਆਂ ਨੇ 4 ਕਰੋੜ ਬਕਾਇਆ ਦੀ ਵਸੂਲੀ ਨਾ ਹੁੰਦੀ ਦੇਖ ਬੀਤੇ ਦਿਨੀਂ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟ ਦਿੱਤੇ ਜਿਸ ਤੋਂ ਦੁਖੀ ਹੋਏ ਮੌੜ ਖੁਰਦ ਵਾਸੀਆਂ ਨੇ ਅੱਜ ਪੰਜਾਬ ਸਰਕਾਰ, ਪਾਵਰਕੌਮ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਮੌੜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ ਕਿਸਾਨ ਆਗੂ ਕਾਕਾ ਸਿੰਘ ਖਾਲਸਾ, ਗੁਲਜ਼ਾਰ ਸਿੰਘ, ਸਵਿੰਦਰਪਾਲ ਸਿੰਘ, ਕਰਤਾਰਾ ਮੌੜ, ਗੁਰਦੀਪ ਸਿੰਘ, ਮੇਜਰ ਸਿੰਘ, ਖੁਸ਼ਿਵੰਦਰ ਸਿੰਘ, ਅਮਨਦੀਪ ਸਿੰਘ ਆਦਿ ਨੇ ਕਿਹਾ ਕਿ ਬੀਤੇ ਦਿਨੀਂ ਪਾਵਰਕੌਮ ਵੱਲੋਂ ਨਗਰ ਕੌਂਸਲ ਮੌੜ ਅਧੀਨ ਪੈਂਦੇ ਕੁੱਲ 17 ਵਾਰਡਾਂ ਦੀਆਂ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟ ਦਿੱਤੇ, ਜਿਸ ਕਾਰਨ ਸ਼ਹਿਰ ਅੰਦਰ ਚਾਰੇ ਪਾਸੇ ਹਨੇਰ ਪੱਸਰ ਗਿਆ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਜਿੱਥੇ ਚੋਰ ਗਰੋਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਉੱਥੇ ਹੀ ਲੋਕਾਂ ਨੂੰ ਆਉਣ ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਪ੍ਰਸ਼ਾਸਨ ਨੇ ਨਗਰ ਕੌਂਸਲ ਅਤੇ ਪਾਵਰਕੌਮ ਵਿਚਾਲੇ ਬਿਜਲੀ ਬਿੱਲਾਂ ਨੂੰ ਲੈ ਕਿ ਚੱਲ ਰਹੇ ਰੇੜਕੇ ਨੂੰ ਖਤਮ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ’ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋਰ ਵੱਧ ਸਕਦੀਆਂ ਹਨ। ਮੌੜ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਟਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਵਾਇਆ ਜਾਵੇ।
ਕੀ ਕਹਿੰਦੇ ਨੇ ਪਾਵਰਕੌਮ ਦੇ ਅਧਿਕਾਰੀ
ਇਸ ਸਬੰਧੀ ਸਹਾਇਕ ਇੰਜਨੀਅਰ ਵੰਡ ਉੱਪ ਮੰਡਲ ਸ਼ਹਿਰੀ ਮੌੜ ਨਵਨੀਤ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਮੌੜ ਵੱਲ 4 ਕਰੋੜ ਰੁਪਏ ਤੋਂ ਉੱਪਰ ਬਿਜਲੀ ਬਿੱਲਾਂ ਦਾ ਬਕਾਇਆ ਖੜ੍ਹਾ ਹੈ, ਪ੍ਰੰਤੂ ਵਾਰ ਵਾਰ ਕਹਿਣ ਅਤੇ ਨੋਟਿਸ ਭੇਜਣ ਦੇ ਬਾਵਜੂਦ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ।
ਇਸੇ ਤਰ੍ਹਾਂ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮੌੜ ਕਮਲਜੀਤ ਸਿੰਘ ਮਾਨ ਨੇ ਕਿਹਾ ਕਿ ਵਾਰ ਵਾਰ ਨੋਟਿਸ ਭੇਜਣ ਦੇ ਬਾਵਜੂਦ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵੱਲੋਂ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਕੁਨੈਕਸ਼ਨ ਕੱਟੇ ਦਿੱਤੇ ਹਨ।
ਕੋਈ ਅਣਸੁਖਾਵੀਂ ਘਟਨਾ ਵਾਪਰਨ ’ਤੇ ਪਾਵਰਕੌਮ ਅਧਿਕਾਰੀ ਹੋਣਗੇ ਜ਼ਿੰਮੇਵਾਰ: ਜਿੰਦਲ
ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟਣ ਤੋਂ ਬਾਅਦ ਕਾਰਜਸਾਧਕ ਅਫ਼ਸਰ ਰਵੀ ਕੁਮਾਰ ਜਿੰਦਲ ਨੇ ਪਾਵਰਕੌਮ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਸ੍ਰੀ ਜਿੰਦਲ ਦਾ ਕਹਿਣਾ ਹੈ ਕਿ ਧਾਰਾ 172/ 73 ਤਹਿਤ ਸ਼ਹਿਰ ਅੰਦਰ ਲਗਾਏ ਗਏ ਬਿਜਲੀ ਖੰਭਿਆਂ ਦਾ 31 ਮਾਰਚ 2020 ਤੱਕ 12 ਕਰੋੜ ਦੇ ਕਰੀਬ ਪਾਵਰਕੌਮ ਵੱਲ ਬਕਾਇਆ ਖੜ੍ਹਾ ਹੈ ਅਤੇ ਇਸ ਤੋਂ ਇਲਾਵਾ 1.25 ਕਰੋੜ ਲੱਖ ਦੇ ਕਰੀਬ ਚੁੰਗੀ ਦਾ ਬਕਾਇਆ ਹੈ, ਜਿਸ ਸਬੰਧੀ ਪਾਵਰਕੌਮ ਨੂੰ ਬਿੱਲ ਅਤੇ ਨੋਟਿਸ ਵਗੈਰਾ ਵੀ ਭੇਜੇ ਹੋਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਘਟਨਾ ਲਈ ਕਾਰਜਕਾਰੀ ਇੰਜਨੀਅਰ ਵੰਡ ਮੰਡਲ ਮੌੜ ਅਤੇ ਸਹਾਇਕ ਇੰਜਨੀਅਰ ਵੰਡ ਉੱਪ ਮੰਡਲ ਸ਼ਹਿਰੀ ਜ਼ਿੰਮੇਵਾਰ ਹੋਣਗੇ।