ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਅਪਰੈਲ
ਇੱਥੇ ਐੱਸਟੀਐੱਫ ਯੂਨਿਟ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਸਣੇ ਤਿੰਨ ਮੁਲਾਜ਼ਮਾਂ ਖ਼ਿਲਾਫ਼ ਇੱਕ ਵਿਅਕਤੀ ਦੀ ਨਾਜਾਇਜ਼ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਦਰਖਾਸਤ ਦੇਣ ਵਾਲੇ ਵਿਅਕਤੀ ਦਾ ਨਾਮ ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਹੈ ਜੋ ਮਮਦੋਟ ਦੇ ਪਿੰਡ ਰਾਉ ਕੇ ਹਿਠਾੜ ਦਾ ਰਹਿਣ ਵਾਲਾ ਹੈ। ਲਵਪ੍ਰੀਤ ਸਿੰਘ ਖ਼ਿਲਾਫ਼ ਪਿਛਲੇ ਸਾਲ ਇੱਥੇ ਐੱਸਟੀਐਫ਼ ਥਾਣੇ ਵਿੱਚ ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਸਬੰਧੀ ਉਸ ਨੂੰ 22 ਮਾਰਚ ਨੂੰ ਪੰਜਾਬ ਤੇ ਹਰਿਆਣਾ ਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ। ਉਸੇ ਦਿਨ ਉਹ ਆਪਣੀ ਜ਼ਮਾਨਤ ਦੇ ਕਾਗਜ਼ ਲੈ ਕੇ ਆਪਣੇ ਕੁਝ ਸਾਥੀਆਂ ਨਾਲ ਇੰਸਪੈਕਟਰ ਜਸਵਿੰਦਰ ਸਿੰਘ ਨੂੰ ਦੇਣ ਵਾਸਤੇ ਥਾਣੇ ਚਲਾ ਗਿਆ। ਇਸ ਦੌਰਾਨ ਉਹ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਜਿਥੇ ਉਸ ਨਾਲ ਕੁੱਟਮਾਰ ਕੀਤੀ ਗਈ। ਲਵਪ੍ਰੀਤ ਦਾ ਕਹਿਣਾ ਹੈ ਕਿ ਜਸਵਿੰਦਰ ਸਿੰਘ ਉਸ ਨੂੰ ਇਸ ਕੇਸ ਵਿੱਚ ਕਿਸੇ ਹੋਰ ਵਿਅਕਤੀਆਂ ਦਾ ਨਾਮ ਲੈਣ ਦਾ ਦਬਾਅ ਪਾ ਰਿਹਾ ਸੀ ਜਿਸ ਤੋਂ ਨਾਂਹ ਕਰਨ ਕਰਕੇ ਉਸ ਨੇ ਕੁੱਟਮਾਰ ਕੀਤੀ। ਕੁੱਟਮਾਰ ਤੋਂ ਬਾਅਦ ਲਵਪ੍ਰੀਤ ਸਿਵਲ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਜਿਸ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਪੁਲੀਸ ਦੇ ਉਚ ਅਧਿਕਾਰੀਆਂ ਨੇ ਇੰਸਪੈਕਟਰ ਜਸਵਿੰਦਰ ਸਿੰਘ ਤੇ ਇੱਕ ਹੋਰ ਮੁਲਾਜ਼ਮ ਹਰਜੀਤ ਸਿੰਘ ਸਣੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਛਾਉਣੀ ਵਿੱਚ ਕੇਸ ਦਰਜ ਕਰ ਲਿਆ ਹੈ। ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।