ਜੋਗਿੰਦਰ ਸਿੰਘ ਮਾਨ
ਮਾਨਸਾ, 28 ਦਸੰਬਰ
ਮਾਲਵਾ ਪੱਟੀ ਵਿਚ ਹੁਣ ਸਬਜ਼ੀਆਂ ਆਸਰੇ ਰੋਟੀ ਦਾ ਜੁਗਾੜ ਮਾੜੇ ਮੰਡੀਕਰਨ ਦੀ ਭੇਂਟ ਚੜ੍ਹਨ ਲੱਗਿਆ ਹੈ। ਸਬਜ਼ੀਆਂ ਵੇਚਕੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਔਖਾ ਹੋ ਗਿਆ ਹੈ। ਅੱਜ-ਕੱਲ੍ਹ ਗੋਭੀ, ਗਾਜਰਾਂ ਬੀਜਣ ਵਾਲੇ ਕਿਸਾਨ ਵੀ ਰੁਲਣ ਲੱਗੇ ਹਨ। ਜ਼ਮੀਨਾਂ ਘੱਟਣ ਕਰਕੇ ਸੈਂਕੜੇ ਕਿਸਾਨਾਂ ਨੇ ਸਰਕਾਰ ਦੀ ਖੇਤੀ ਵਿਭਿੰਨਤਾ ਸਕੀਮ ਤਹਿਤ ਸਬਜ਼ੀਆਂ ਉਗਾਣ ਦਾ ਕੰਮ ਭਾਵੇਂ ਸ਼ੁਰੂ ਕਰ ਲਿਆ, ਪਰ ਇਹ ਧੰਦਾ ਵੀ ਹੁਣ ਘਾਟੇ ਦਾ ਸ਼ਿਕਾਰ ਹੋਕੇ ਕਿਸਾਨਾਂ ਲਈ ਸਿਰਦਰਦੀ ਬਣ ਗਿਆ ਹੈ। ਕਿਸਾਨ ਮੰਡੀਕਰਨ ਦੇ ਮਾੜੇ ਬੰਦੋਬਸਤ ਤੋਂ ਅੱਕ ਚੁੱਕੇ ਹਨ ਤੇ ਦੁਖੀ ਹੋ ਕੇ ਸਿੱਧੀ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਪਿੰਡ ਜਵਾਹਰਕੇ ਦੇ ਸਾਬਕਾ ਸਰਪੰਚ ਰਾਜਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੁੱਖੜੇ ਰੌਂਦਿਆ ਦੱਸਿਆ ਕਿ ਮੰਡੀ ਵਿਚ ਹੁਣ ਗੋਭੀ ਤੇ ਗਾਜਰਾਂ ਨੂੰ ਕੋਈ ਸਿਆਣਦਾ ਨਹੀਂ। ਮੰਡੀ ਵਿਚ ਅੱਜ ਗੋਭੀ ਦਾ ਮੁੱਲ ਸਹੀ ਰੂਪ ਵਿਚ 3 ਰੁਪਏ ਕਿਲੋ ਤੇ ਗਾਜਰਾਂ ਦਾ ਦੋ ਰੁਪਏ ਕਿਲੋ ਹੈ ਤੇ ਇਸ ਭਾਅ ਸਬਜ਼ੀ ਵੇਚਣ ਨਾਲ ਹੁਣ ਪਰਿਵਾਰ ਨਹੀਂ ਪਲਦਾ। ਕਿਸਾਨਾਂ ਤੋਂ ਸਸਤੀਆਂ ਸਬਜ਼ੀਆਂ ਲੈ ਕੇ ਅੱਗੇ ਚੌਗਣਾ ਨਫ਼ਾ ਕਮਾਉਣ ਵਾਲੇ ਦੁਕਾਨਦਾਰ ਹੁਣ ਕਿਸਾਨਾਂ ਦੇ ਮੰਡੀ ਵਿਚ ਪੱਬ ਨਹੀਂ ਲੱਗਣ ਦੇ ਰਹੇ। ਇਸ ਮੰਡੀ ਵਿਚ ਕਿਸਾਨ ਵੱਡੀ ਪੱਧਰ ’ਤੇ ਗੋਭੀ, ਗਾਜਰਾਂ ਲੈ ਕੇ ਆਉਂਦੇ ਹਨ। ਫੁੱਲ ਗੋਭੀ ਦੇ ਨਾਲ ਬੰਦ ਤੇ ਗੰਢ ਗੋਭੀ ਦਾ ਵੀ ਮਾੜਾ ਹਾਲ ਹੈ। ਇਸੇ ਦੌਰਾਨ ਸਬਜ਼ੀ ਮੰਡੀ ਆੜਤੀਆਂ ਐਸ਼ੋਸੀਏਸ਼ਨ ਦੇ ਇਕ ਆਗੂ ਲੱਕੀ ਮਿੱਤਲ ਨੇ ਕਿਹਾ ਕਿ ਉਹ ਸਿਰਫ ਆੜ੍ਹਤ ਹੀ ਲੈਂਦੇ ਹਨ, ਜਦੋਂ ਕਿ ਬਾਕੀ ਸਾਰਾ ਕੰਮ ਦੁਕਾਨਦਾਰਾਂ ਦਾ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀ ਸਬਜ਼ੀ ਵੱਡੇ ਸ਼ਹਿਰਾਂ ਨੂੰ ਜਾਣ ਕਾਰਨ ਲੋਕਲ ਸਬਜ਼ੀ ਦੇ ਭਾਅ ਵਿਚ ਮੰਦਾ ਆ ਗਿਆ। ਇੱਕ ਹੋਰ ਸਬਜ਼ੀ ਆੜ੍ਹਤੀਏ ਦਾ ਕਹਿਣਾ ਕਿ ਉਨ੍ਹਾਂ ਨੂੰ ਪੈਂਦੀਆਂ ਵਗਾਰਾਂ ਦਾ ਖਰਚਾ ਵੀ ਕਿਸਾਨਾਂ ਦੀਆਂ ਜੇਬਾਂ ’ਚੋਂ ਕੱਢਣ ਲਈ ਮਜਬੂਰ ਹੋਣਾ ਪੈਂਦਾ ਹੈ, ਕਿਉਂਕਿ ਦਰਜਨਾਂ ਅਫਸਰਾਂ ਦੇ ਘਰ ਸਬਜ਼ੀ ਤੇ ਫਲ ਮੁਫ਼ਤੋ-ਮੁਫਤੀ ਜਾਂਦਾ ਹੈ। ਇਸੇ ਦੌਰਾਨ ਜਦੋਂ ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਇਸ ਵਾਰ ਵੱਡਾ ਰਕਬਾ ਸਬਜ਼ੀ ਥੱਲੇ ਬੀਜ ਲਿਆ, ਜਿਸ ਕਰਕੇ ਸਬਜ਼ੀ ਵੱਧ ਹੋਣ ਕਰਕੇ ਰੇਟ ਥੱਲੇ ਆ ਗਏ ਹਨ।