ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ
‘ਬੇਟੀ ਬਚਾਓ ਬੇਟੀ ਪੜ੍ਹਾਓ’ ਤਹਿਤ ਗੁਰੂ ਨਾਨਕ ਕਾਲਜ ਵਿੱਚ 51 ਨਵ-ਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਗਰਭਵਤੀ ਔਰਤਾਂ ਨੂੰ ਫਲਦਾਰ ਬੂਟੇ ਵੀ ਭੇਟ ਕੀਤੇ ਅਤੇ 5 ਔਰਤਾਂ ਦੀ ਗੋਦ ਭਰਾਈ ਕੀਤੀ ਗਈ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ, 10 ਮੈਰੀਟੋਰੀਅਸ ਅਤੇ 10 ਕੋਵਿਡ ਪੀੜਤ ਲੜਕੀਆਂ ਨੂੰ ਚੈੱਕ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ, ਉਪ ਮੰਡਲ ਮੈਜਿਸਟਰੇਟ ਸਵਰਨਜੀਤ ਕੌਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸ਼ਰਮਾ, ਸਿਵਲ ਸਰਜਨ ਡਾ. ਰੰਜੂ ਸਿੰਗਲਾ, ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ, ਪ੍ਰਿੰਸੀਪਲ ਸਤਵੰਤ ਕੌਰ, ਡਾ. ਰੀਤਇੰਦਰ ਜੋਸ਼ੀ, ਪ੍ਰਿੰਸੀਪਲ ਡਾ. ਰਾਣਾ ਬਲਜਿੰਦਰ ਕੌਰ, ਸੁਖਮੰਦਰ ਸਿੰਘ ਹੋਰਾਂ ਨੇ ਔਰਤ ਦੇ ਸਮਾਜ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ।
ਭਗਤਾ ਭਾਈ (ਪੱਤਰ ਪ੍ਰੇਰਕ): ਸਫ਼ਰ ਜ਼ਿੰਦਗੀ ਫਾਊਂਡੇਸ਼ਨ ਗੁੰਮਟੀ ਕਲਾਂ ਵੱਲੋਂ ਪਿੰਡ ਦੀ ਦਾਣਾ ਮੰਡੀ ਵਿੱਚ ਕਰਵਾਏ ਸਾਲਾਨਾ ਸਮਾਗਮ ‘ਚ ਧੀਆਂ ਦੀ ਲੋਹੜੀ ਮਨਾਈ ਗਈ। ਸਫ਼ਰ ਜ਼ਿੰਦਗੀ ਫਾਊਂਡੇਸ਼ਨ ਦੇ ਸੰਚਾਲਕ ਗੁਰਜੀਤ ਸਿੰਘ ਗੈਰੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਸੰਸਥਾ ਵੱਲੋਂ ਸਾਲ 2021 ਦੌਰਾਨ ਪਿੰਡ ਗੁੰਮਟੀ ਕਲਾਂ ‘ਚ ਜੰਮੀਆਂ ਧੀਆਂ ਦੀ ਲੋਹੜੀ ਮਨਾਉਂਦਿਆਂ ਲੜਕੀਆਂ ਨੂੰ ਕੱਪੜੇ, ਮੂੰਗਫਲੀ ਤੇ ਰਿਉੜੀਆਂ ਵੰਡੀਆਂ ਗਈਆਂ ਹਨ। ਇਸ ਮੌਕੇ ਪਰਮਜੀਤ ਕੌਰ ਕੋਟਭਾਈ ਪਤਨੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ, ਸਮਾਜ ਸੇਵੀ ਸਰਵਪਾਲ ਸ਼ਰਮਾ, ਲਵਜੀਤ ਕਲਾਕਾਰ ਤੇ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਦੇ ਪ੍ਰਬੰਧਕ ਮੈਂਬਰ ਹਾਜ਼ਰ ਸਨ।