ਪੱਤਰ ਪ੍ਰੇਰਕ
ਭਗਤਾ ਭਾਈ, 1 ਦਸੰਬਰ
ਪ੍ਰਸਿੱਧ ਪੰਜਾਬੀ ਗਾਇਕ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਉਨ੍ਹਾਂ ਦੀ ਦਸਵੀਂ ਬਰਸੀ ਮੌਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਪਿੰਡ ਜਲਾਲ ਵਿੱਚ ਸਾਦਾ ਸਮਾਗਮ ਕਰਵਾਇਆ ਗਿਆ। ਇਸ ਸਮੇਂ ਪਿੰਡ ਦੇ ਕਬਰਸਤਾਨ ਵਿਚ ਮਾਣਕ ਪਰਿਵਾਰ ਵੱਲੋਂ ਉਨ੍ਹਾਂ ਦੀ ਕਬਰ ’ਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕੁਲਦੀਪ ਮਾਣਕ ਦੀ ਧਰਮ ਪਤਨੀ ਸਰਬਜੀਤ ਕੌਰ, ਪੁੱਤਰ ਯੁੱਧਵੀਰ ਮਾਣਕ, ਪਰਿਵਾਰਕ ਮੈਂਬਰ, ਪ੍ਰਸ਼ੰਸਕ ਤੇ ਪਿੰਡ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ। ਟਰੱਕ ਯੂਨੀਅਨ ਜਲਾਲ ਦੇ ਪ੍ਰਧਾਨ ਪਰਮਜੀਤ ਸਿੰਘ ਬਰਾੜ, ਮਾਰਕੀਟ ਕਮੇਟੀ ਭਗਤਾ ਭਾਈ ਦੇ ਓਪ ਚੇਅਰਮੈਨ ਸੁਖਮੰਦਰ ਸਿੰਘ ਸਿੱਧੂ, ਜਸਵੰਤ ਸਿੰਘ ਕਾਕੂ ਸਾਬਕਾ ਸਰਪੰਚ ਤੇ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਕੁਲਦੀਪ ਮਾਣਕ ਦਾ ਨਾਮ ਪੰਜਾਬੀ ਗਾਇਕੀ ਜਗਤ ‘ਚ ਹਮੇਸ਼ਾ ਧਰੁ ਤਾਰੇ ਵਾਂਗ ਚਮਕਦਾ ਰਹੇਗਾ। ਇਸ ਮੌਕੇ ਕੁਲਦੀਪ ਮਾਣਕ ਦੇ ਭਤੀਜੇ ਦਿਲਬਾਗ ਬਾਗ਼ੀ, ਪ੍ਰਗਟ ਖਾਨ, ਮੇਸ਼ੀ ਮਾਣਕ ਅਤੇ ਜਗਦੇਵ ਖਾਨ ਨੇ ਕਲੀਆਂ ਪੇਸ਼ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਮੇਂ ਸਾਧੂ ਮਹਿਤਾ, ਤਨਵੀਰ ਗੋਗੀ, ਬਲਵੀਰ ਸਿੰਘ ਫੌਜੀ, ਮੇਜਰ ਸਿੰਘ ਜਲਾਲ, ਜੱਸੀ ਯੂ.ਕੇ., ਨਾਇਬ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।