ਨਿੱਜੀ ਪੱਤਰ ਪ੍ਰੇਰਕ
ਮੋਗਾ, 28 ਜੂਨ
ਸ਼੍ਰੋਮਣੀ ਕਵੀਸ਼ਰ ਮਰਹੂਮ ਕਰਨੈਲ ਸਿੰਘ ਪਾਰਸ ਦਾ 104ਵਾਂ ਜਨਮ ਦਿਹਾੜਾ ਉਨ੍ਹਾਂ ਦੀ ਯਾਦ ’ਚ ਜੱਦੀ ਪਿੰਡ ਉਸਾਰੇ ਪਾਰਸ ਭਵਨ ਪਿੰਡ ਰਾਮੂੰਵਾਲਾ ਨਵਾਂ ਵਿੱਚ ਨਗਰ ਦੇ ਪਤਵੰਤੇ ਸੱਜਣਾਂ ਵਲੋਂ ਕੇਕ ਕੱਟ ਕੇ ਮਨਾਇਆ ਗਿਆ। ਉਹ ਬਲਵੰਤ ਸਿੰਘ ਰਾਮੂਵਾਲੀਆ ਦੇ ਪਿਤਾ ਤੇ ਉੱਘੇ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਦਾਦਾ ਸਹੁਰਾ ਹਨ। ਉਨ੍ਹਾਂ ਦੇ ਗਾਏ ਕਿੱਸਿਆਂ ਦੇ ਤਵੇ ਲੱਖਾਂ ਦੀ ਗਿਣਤੀ ’ਚ ਵਿਕੇ ਅਤੇ ਲਿਖੀਆਂ ਕਿੱਸਿਆਂ ਦੀਆਂ ਕਿਤਾਬਾਂ ਅੱਜ ਵੀ ਮਕਬੂਲ ਹਨ। ਇਸ ਮੌਕੇ ਬਲਦੇਵ ਸਿੰਘ ਵਾਰੰਟ ਅਫਸਰ ਤੇ ਬਾਬਾ ਸ਼ੇਰ ਸਿੰਘ ਨੇ ਕਿਹਾ ਕਿ ਬਾਪੂ ਕਰਨੈਲ ਸਿੰਘ ਪਾਰਸ ਨੇ ਆਪਣੀਆਂ ਕਵੀਸ਼ਰੀਆਂ ਰਾਹੀਂ ਵੀਹਵੀਂ ਸਦੀ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਬਾਪੂ ਕਰਨੈਲ ਸਿੰਘ ਪਾਰਸ ਨੂੰ 1985 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਸ਼੍ਰੋਮਣੀ ਕਵੀਸ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ।