ਜਸਵੀਰ ਸਿੰਘ ਭੁੱਲਰ
ਦੋਦਾ, 3 ਦਸੰਬਰ
ਅਪੰਗ ਸੁਅੰਗ ਅਸੂਲ ਮੰਚ ਪੰਜਾਬ ਦੀ ਇਕਾਈ ਜ਼ਿਲ੍ਹਾ ਮੁਕਤਸਰ ਦੇ ਮੈਂਬਰਾਂ ਵੱਲੋਂ ਵਿਸ਼ਵ ਅੰਗਹੀਣ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ।ਅੰਗਹੀਣ ਮੈਂਬਰ ਭੁਪਿੰਦਰ ਸਿੰਘ ਮਰਾੜ ਜ਼ਿਲ੍ਹਾ ਪ੍ਰਧਾਨ, ਬਲਵੰਤ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ ਅਤੇ ਲਖਵਿੰਦਰ ਸਿੰਘ ਆਦਿ ਵੱਲੋਂ ਡਿਪਟੀ ਕਮਿਸ਼ਨਰ ਮੁਕਤਸਰ ਨੂੰ ਆਪਣੀਆਂ ਹੱਕੀ ਮੰਗਾਂ ਲਈ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਐਕਟ 1995 ਤੋਂ ਲੈ ਕੇ ਹੁਣ ਦੇ ਮੌਜੂਦਾ ਐਕਟ 2016 ਵਿਚਕਾਰ ਅੰਗਹੀਣਾਂ ਦੇ ਕਿਸੇ ਵੀ ਅਧਿਕਾਰ ਵੱਲ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ ਅਤੇ ਅੰਗਹੀਣਾਂ ਦਾ 4 ਫੀਸਦੀ ਨੌਕਰੀਆਂ ਦਾ ਕੋਟਾ ਅਜੇ ਤੱਕ ਨਹੀਂ ਭਰਿਆ, ਉਨ੍ਹਾਂ ਪ੍ਰਾਈਵੇਟ ਸੈਕਟਰ ਵਿਚ 4 ਫੀਸਦੀ ਕੋਟੇ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮਨਰੇਗਾ ਵਿਚ ਮੇਟ ਦੇ ਤੌਰ ਉਤੇ 4 ਫੀਸਦੀ ਅੰਗਹੀਣਾਂ ਨੂੰ ਕੰਮ ਦਿੱਤਾ ਜਾਵੇ, ਉਨ੍ਹਾਂ ਟੌਲ ਪਲਾਜ਼ਾ ਫੀਸ ਮੁਆਫ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਵਿਭਾਗ ਵਿਚ ਇਨ੍ਹਾਂ ਲਈ ਇਕ ਦਿਨ ਨਿਸ਼ਚਤ ਕੀਤਾ ਜਾਵੇ।