ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 7 ਨਵੰਬਰ
ਸੀਪੀਆਈ (ਐੱਮ ਐੱਲ) ਲਬਿਰੇਸ਼ਨ ਵੱਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੀ 34ਵੀਂ ਬਰਸੀ ਤਰਕਸ਼ੀਲ ਭਵਨ ਵਿੱਚ ਮਨਾਈ ਗਈ। ਬਰਸੀ ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਕੇਂਦਰੀ ਆਗੂ ਕਾਮਰੇਡ ਕਮਲਜੀਤ ਚੰਡੀਗੜ੍ਹ, ਸਿੰਦਰ ਕੌਰ ਹਰੀਗੜ੍ਹ, ਅਮਿਤ ਮਿੱਤਲ, ਜਮਹੂਰੀ ਅਧਿਕਾਰ ਸਭਾ ਦੇ ਡਾਕਟਰ ਸੋਹਣ ਸਿੰਘ ਬਰਨਾਲਾ ਤੇ ਭੋਲਾ ਸਿੰਘ ਕਲਾਲ ਮਾਜਰਾ ਨੇ ਕੀਤੀ। ਇਸ ਮੌਕੇ ਅਜਮੇਰ ਸਿੰਘ ਸਿੱਧੂ ਨੇ ਉਦਾਸੀ ਦੀ ਜੀਵਨੀ ’ਤੇ ਵਿਚਾਰ ਪੇਸ਼ ਕੀਤੇ।
ਪਾਰਟੀ ਦੇ ਕੇਂਦਰੀ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਤੇ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿਨ ਪ੍ਰਤੀ ਦਿਨ ਲੋਕਾਂ ਉਤੇ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹਨ, ਜੋ ਧੱਕੇਸ਼ਾਹੀ ਦਾ ਸਬੂਤ ਹਨ। ਉਦਾਸੀ ਦੀ ਬਰਸੀ ਮੌਕੇ ਕੇਂਦਰੀ ਦੇ ਰਵੱਈਏ ਵਿਰੁੱਧ ਕਈ ਮਤੇ ਪਾਸ ਕੀਤੇ ਗਏ। ਇਸ ਮੌਕੇ ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਨੇ ਅਜਮੇਰ ਸਿੰਘ ਸਿੱਧੂ ਦਾ ਸਨਮਾਨ ਕੀਤਾ ਤੇ ਉਨ੍ਹਾਂ ਵੱਲੋਂ ਲਿਖੀ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਇਲਾਵਾ ਰਾਮ ਸਿੰਘ ਹਠੂਰ ਤੇ ਜਗਤਾਰ ਸਿੰਘ ਜਗੀਰਾ ਵੱਲੋਂ ਇਨਕਲਾਬੀ ਗੀਤ ਗਾਏ ਗਏ।