ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਪਰੈਲ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਖ਼ਤਮ ਕਰਕੇ ਦਲਿਤਾਂ ਨੂੰ ਮੁੜ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਆੜ ਵਿੱਚ ਸਕੂਲ/ਕਾਲਜ ਬੰਦ ਕਰਕੇ ਦਲਿਤਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਣ ਦੀ ਵੱਡੀ ਸਾਜਿਸ਼ ਹੈ, ਜਿਸ ਦਾ ਸਾਰੇ ਪੰਜਾਬੀ ਨੂੰ ਇੱਕਜੁਟ ਹੋ ਕੇ ਸਖ਼ਤ ਵਿਰੋਧ ਕਰਨਾ ਚਾਹੀਦਾ ਹੈ। ਉਹ ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਵਿੱਚ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ‘ਸੰਵਿਧਾਨ ਬਚਾਓ, ਦੇਸ਼ ਬਚਾਓ’ ਨਾਅਰੇ ਹੇਠ ਕੀਤੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਹ ਕਨਵੈਨਸ਼ਨ ਕਾਮਰੇਡ ਮੱਖਣ ਸਿੰਘ ਰਾਮਗੜ੍ਹ, ਕੁਲਵਿੰਦਰ ਕੌਰ ਰੇਤਗੜ੍ਹ, ਜਰਨੈਲ ਸਿੰਘ ਮਾਨਸਾ, ਗੁਰਜੰਟ ਸਿੰਘ ਮਾਨਸਾ ਅਤੇ ਗੁਰਸੇਵਕ ਮਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਭਗਵੰਤ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਬੇਰੁਜ਼ਗਾਰੀ ਤੇ ਕਰਜ਼ਿਆਂ ਦੇ ਜਾਲ ਵਿੱਚ ਫਸੇ ਦਲਿਤ, ਗਰੀਬਾਂ ਨੂੰ ਭੁੱਖਮਰੀ ਦੀ ਭੱਠੀ ਵਿੱਚ ਸੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸਮੇਤ ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਖਿਲਾਫ਼ ਬੇਜ਼ਮੀਨੇ ਮਜ਼ਦੂਰ ਤੇ ਕਿਸਾਨ ਮਿਲ ਕੇ ਸੰਘਰਸ਼ ਤੇਜ਼ ਕਰਨ। ਪੱਤਰਕਾਰ ਗੁਰਨਾਮ ਸਿੰਘ ਅਕੀਦਾ ਨੇ ਡਾ. ਅੰਬੇਡਕਰ ਦੇ ਜਨਮ ਦਿਨ ’ਤੇ ਉਨ੍ਹਾਂ ਵੱਲੋਂ ਦਿੱਤੇ ਗਏ ਪੜ੍ਹੋ, ਜੁੜੋ ਸੰਘਰਸ਼ ਕਰੋ ਦੇ ਨਾਅਰੇ ਨੂੰ ਬੁਲੰਦ ਕਰਦੇ ਹੋਏ ਸੰਘਰਸ਼ ਹੋਰ ਤੇਜ਼ ਕਰਨ ’ਤੇ ਜ਼ੋਰ ਦਿੱਤਾ।
ਇਸ ਮੌਕੇ ਕਾਮਰੇਡ ਹਰਵਿੰਦਰ ਸੇਮਾ, ਕਾਮਰੇਡ ਗੋਬਿੰਦ ਸਿੰਘ ਛਾਜ਼ਲੀ, ਹਰਦੇਵ ਖਿਆਲਾ, ਹਾਕਮ ਖਿਆਲਾ, ਭੋਲਾ ਸਿੰਘ ਝੱਬਰ, ਸਤਨਾਮ ਸਿੰਘ ਉਭਾ, ਮੇਲਾ ਸਿੰਘ ਹੀਰੋਂ, ਸਿੰਗਾਰਾ ਸਿੰਘ, ਗਗਨਦੀਪ ਕੌਰ ਧਨੌਲਾ, ਕੁਲਵਿੰਦਰ ਕੌਰ ਰੇਤਗੜ੍ਹ, ਮੱਖਣ ਉੱਡਤ ਸੱਦੇਵਾਲਾ ਨੇ ਵੀ ਸੰਬੋਧਨ ਕੀਤਾ।