ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 31 ਦਸੰਬਰ
ਖੇਤੀ ਸਬੰਧੀ ਬਣਾਏ ਕਾਨੂੰਨਾਂ ਅਤੇ ਮਜ਼ਦੂਰਾਂ ’ਤੇ ਹੋ ਰਹੇ ਸਮਾਜਿਕ ਜਬਰ ਵਿਰੁੱਧ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਮਲੂਕਾ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਕੱਤਰ ਮਜ਼ਦੂਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖੇਤੀ ਮਾਰੂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਜੱਥੇਬੰਦੀ ਦੇ ਜ਼ਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾਗੁਰੂ ਅਤੇ ਬਲਵਿੰਦਰ ਸਿੰਘ ਮਾਲੀ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚੋਂ ਖੇਤ ਮਜ਼ਦੂਰ 7 ਜਨਵਰੀ ਨੂੰ ਕਿਸਾਨਾਂ ਦੀ ਹਮਾਇਤ ਵਿੱਚ ਦਿੱਲੀ ਨੂੰ ਕਾਫ਼ਲੇ ਬੰਨ੍ਹ ਕੇ ਤੁਰਨਗੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡੀਸੀ ਦਫ਼ਤਰ ਅੱਗੇ ਦਿਨ-ਰਾਤ ਚਲ ਰਹੇ ਧਰਨੇ ਦੇ ਤੀਜੇ ਦਿਨ ਸੈਂਕੜੇ ਕਿਸਾਨ, ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਮੰਗ ਕੀਤੀ ਕਿ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ/ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ।
ਰਾਮਪੁਰਾ ਫੂਲ (ਗੁਰਵਿੰਦਰ ਸਿੰਘ): ਸਥਾਨ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਲਗਾਇਆ ਰੇਲ ਮੋਰਚਾ ਲਗਾਤਾਰ ਜਾਰੀ ਹੈ, ਜਿੱਥੇ ਮਰਦ ਨਾਲੋਂ ਔਰਤਾਂ ਵੱਧ ਗਿਣਤੀ ਵਿਚ ਹਿੱਸਾ ਲੈ ਰਹੀਆਂ ਹਨ। ਮੋਰਚੇ ਅੰਦਰ ਬੀਕੇਯੂ ਏਕਤਾ ਡਕੌਂਦਾ ਦੇ ਮਾਸਟਰ ਮੇਜਰ ਸਿੰਘ ,ਬਾਬੂ ਸਿੰਘ, ਸੁਰਜੀਤ ਸਿੰਘ ਰੋਮਾਣਾ, ਬਲਦੇਵ ਸਿੰਘ, ਵਿਸਾਖਾ ਸਿੰਘ, ਸੁਖਦੇਵ ਸਿੰਘ ਤੋ ਇਲਾਵਾ 9 ਕਿਸਾਨ ਭੁੱਖ ਹੜਤਾਲ ’ਤੇ ਬੈਠੇ। ਇਸ ਮੌਕੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਤਹਿਤ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਿੰਡ ਰਾਏਸਰ ਵਿੱਚ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰਥੀ ਫੂਕਣ ਸਮੇਂ ਇਕੱਤਰ ਹੋਏ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਅਭੈ ਚੌਟਾਲਾ ਵੱਲੋਂ ਸੱਤ ਨੂੰ 500 ਟਰਾਲੀਆਂ ਨਾਲ ਦਿੱਲੀ ਜਾਣ ਦਾ ਐਲਾਨ
ਸਿਰਸਾ (ਪ੍ਰਭ ਦਿਆਲ): ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁੱਖ ਜਨਰਲ ਸਕੱਤਰ ਅਤੇ ਐਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਇਨੈਲੋ ਦੇ ਸੰਸਥਾਪਕ ਚੌਧਰੀ ਦੇਵੀ ਲਾਲ ਨੇ ਕਿਸਾਨਾਂ ਦੇ ਹਿਤਾਂ ਲਈ ਦੇਸ਼ ਭਰ ਵਿੱਚ ਵੱਡੇ ਵੱਡੇ ਅੰਦੋਲਨ ਕੀਤੇ ਹਨ ਅਤੇ ਉਨ੍ਹਾਂ ਦੇ ਮਾਰਗ ’ਤੇ ਚਲਦੇ ਹੋਏ ਇਨੈਲੋ ਵੀ ਕਿਸਾਨ ਅੰਦੋਲਨ ਵਿੱਚ ਆਪਣੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ। ਉਹ 7 ਜਨਵਰੀ ਨੂੰ ਭਾਵਦੀਲ ਟੌਲ ਪਲਾਜ਼ਾ ਤੋਂ 500 ਟਰੈਕਟਰ-ਟਰਾਲੀਆਂ ਦਾ ਜਥਾ ਲੈ ਕੇ ਟਿਕਰੀ ਬਾਰਡਰ ’ਤੇ ਜਾਣਗੇ। ਉਹ ਅੱਜ ਡੱਬਵਾਲੀ ਰੋਡ ਸਥਿਤ ਇਨੈਲੋ ਦਫ਼ਤਰ ਵਿੱਚ ਇਨੈਲੋ ਕਿਸਾਨ ਸੈੱਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।
ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦਾ ਫ਼ੈਸਲਾ
ਮੌੜ ਮੰਡੀ (ਜਗਤਾਰ ਅਣਜਾਣ): ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲੱਗੇ ਮੋਰਚੇ ਵਿੱਚ ਖੇਤ ਮਜ਼ਦੂਰ 7 ਜਨਵਰੀ ਨੂੰ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨਗੇ। ਇਹ ਫੈਸਲਾ ਅੱਜ ਪਿੰਡ ਮਾਈਸਰਖਾਨਾ ਵਿੱਚ ਮਜ਼ਦੂਰਾਂ ਦੀ ਹੋਈ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇਸ ਵਿੱਚ ਪ੍ਰਧਾਨ ਗੁਲਾਬ ਸਿੰਘ, ਸਕੱਤਰ ਲਛਮਣ ਸਿੰਘ , ਖਜ਼ਾਨਚੀ ਦਰਸਨ ਸਿੰਘ ਸਮੇਤ ਛੇ ਸਾਥੀਆਂ ਨੂੰ ਕਮੇਟੀ ਮੈਂਬਰ ਚੁਣਿਆ ਗਿਆ।