ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਸਤੰਬਰ
ਕੇਂਦਰੀ ਫੂਡ ਪ੍ਰਾਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਪੈਰਵੀ ਸਦਕਾ ਸੂਬੇ ’ਚ ਇੱਕ ਹਜ਼ਾਰ ਕਿਲੋਮੀਟਰ ਸੜਕਾਂ ਦੇ 18 ਪ੍ਰਾਜੈਕਟਾਂ ਦੀ ਕੇਂਦਰ ਸਰਕਾਰ ਦੀ ਮਨਜ਼ੂਰੀ ਨਾਲ ਮੋਗਾ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ’ਚ ਪੈਦੀਆਂ ਸੜਕਾਂ ਦੀ ਨੁਹਾਰ ਬਦਲ ਜਾਵੇਗੀ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਤੋਤਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਦੀਆਂ 13 ਪੇਂਡੂ ਸੜਕਾਂ ਨੂੰ ਚੌੜਾ ਕੀਤਾ ਜਾਣਾ ਹੈ। ਬੱਸੀਆਂ ਡ੍ਰੇਨ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਮਾਛੀਕੇ-ਹਿੰਮਤਪੁਰਾ ਰੋਡ ’ਤੇ ਅਤੇ ਅਬੋਹਰ ਬ੍ਰਾਂਚ ਕਨਾਲ ਤੇ ਮਾੜੀ ਮੁਸਤਫਾ ਵੈਰੋਕੇ ਤੋਂ ਜੀਟੀਬੀ ਕਾਲਜ ਰੋਡ ’ਤੇ ਪੈਂਦੇ ਪੁਲਾਂ ਦੀ ਉਸਾਰੀ ਕੀਤੀ ਜਾਣੀ ਹੈ। ਇਨ੍ਹਾਂ ਪ੍ਰਾਜੈਕਟਾਂ ’ਤੇ ਇਕ ਸਾਲ ਦੇ ਅੰਦਰ ਅੰਦਰ ਕੰਮ ਸ਼ੁਰੂ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਾਮਲਾ ਸੜਕ ਟਰਾਂਸਪੋਰਟ ਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਕੋਲ ਚੁੱਕਣ ਤੋਂ ਬਾਅਦ ਇਹ ਮਨਜ਼ੂਰੀ ਕੇਂਦਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤਿੰਨ ਨਵੇਂ ਸੜਕ ਲਿੰਕ ਤਾਂ ਦਿੱਲੀ-ਅੰਮ੍ਰਿਤਸਰ-ਕੱਟੜਾ ਚਹੁੰ ਮਾਰਗੀ ਐਕਸਪ੍ਰੈੱਸ ਵੇਅ ਨਾਲ ਸਬੰਧਤ ਹਨ।
ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਹਲਕਾ ਮੋਗਾ ’ਚ ਪੈਂਦੀ ਮੋਗਾ ਜ਼ੀਰਾ ਰੋਡ ਤੋਂ ਧੱਲੇਕੇ ਲੰਢੇਕੇ ਲੋਹਾਰਾ ਮੋਗਾ ਹਰੀਕੇ ਰੋਡ, ਹਲਕਾ ਨਿਹਾਲ ਸਿੰਘ ਵਾਲਾ ਤੋਂ ਗੁਰੁੂ ਗੋਬਿੰਦ ਸਿੰਘ ਮਾਰਗ (ਪੱਤੋ ਹੀਰਾ ਸਿੰਘ) ਤੋਂ ਰਣਸੀਹ ਕਲਾਂ ਨੰਗਲ, ਬੁਰਜ ਕਲਾਰਾ ਹਠੂਰ ਰੋਡ ਤੋਂ ਮਾਛੀਕੇ ਵਾਇਆ ਭਾਗੀਕੇ ਹਿੰਮਤਪੁਰਾ, ਬਲਾਕ ਬੌਂਡਰੀ ਨਿਹਾਲ ਸਿੰਘ ਵਾਲਾ ਤੋਂ ਰਣਸੀਂਹ ਕਲਾਂ ਨੰਗਲ, ਐੱਨਐਚ 703 ਡਾਲਾ ਤੋਂ ਮਹਿਣਾ ਤੋਂ ਐਲਐੱਫ ਰੋਡ ਤੱਕ ਸੜਕਾਂ ਨੂੰ 18 ਫੁੱਟ ਚੌੜ੍ਹਾ ਕਰਨ ਨੂੰ ਮਨਜ਼ੂਰੀ ਮਿਲੀ ਹੈ।
ਸਰਦੂਲਗੜ੍ਹ-ਰਤੀਆ ਸੜਕ ਦੀ ਹਾਲਤ ਖਸਤਾ
ਸਰਦੂਲਗੜ੍ਹ (ਪੱਤਰ ਪ੍ਰੇਰਕ): ਸਰਦੂਲਗੜ੍ਹ ਤੋਂ ਰਤੀਆਂ ਨੂੰ ਜਾਣ ਵਾਲੀ ਮੁੱਖ ਸੜਕ ਅਤੇ ਸਿਰਸਾ ਨੂੰ ਜਾਣ ਵਾਲੀ ਮੁੱਖ ਸੜਕ ਦੀ ਖਸਤਾ ਹਾਲਤ ਤੋਂ ਆਮ ਲੋਕ ਤੇ ਰਾਹਗੀਰ ਕਾਫੀ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਰਤੀਆ ਨੂੰ ਜਾਣ ਵਾਲੀ ਮੁੱਖ ਸੜਕ ਤੇ ਬੇਅੰਤ ਨਗਰ ਦੇ ਕੋਲ ਲੰਬੇ ਸਮੇਂ ਤੋ ਡੂੰਘੇ ਖੱਡੇ ਪੈਣ ਕਰਕੇ ਸਿਰਫ ਤਿੰਨ ਸਾਲ ਪਹਿਲਾਂ ਬਣੀ ਸੜਕ ਬਹੁਤ ਖਸਤਾ ਹਾਲਤ ਵਿੱਚ ਹੈ। ਇਹੀ ਹਾਲ ਸਿਰਸਾ ਨੂੰ ਜਾਣ ਵਾਲੀ ਮੁੱਖ ਸੜਕ ਦਾ ਹੈ ਜੋ ਬਿਜਲੀ ਦਫ਼ਤਰ ਦੇ ਸਾਹਮਣੇ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਇਸ ਸਬੰਧੀ ਕਾਮਰੇਡ ਲਾਲ ਚੰਦ, ਬਿਕਰਜੀਤ ਸਿੰਘ ਸਾਧੂਵਾਲਾ, ਕਾਮਰੇਡ ਆਤਮਾ ਰਾਮ ਅਤੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਸਰਕਾਰ ਉਦੋਂ ਤੱਕ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰਦੀ ਜਦ ਤਕ ਲੋਕ ਸੰਘਰਸ਼ ਨਹੀਂ ਵਿੱਢਦੇ। ਇਸ ਸਬੰਧੀ ਪੀਡਬਲਯੂਡੀ (ਬੀਐਂਡਆਰ) ਦੇ ਐਕਸੀਅਨ ਮੰਦਰ ਸਿੰਘ ਨੇ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਇਸ ਨੂੰ ਠੀਕ ਕਰਨ ਦਾ ਕੰਮ ਰੋਕਿਆ ਗਿਆ ਸੀ ਮੌਸਮ ਸਾਫ ਹੋਣ ’ਤੇ ਇਹ ਠੀਕ ਕਰਵਾ ਦਿੱਤਾ ਜਾਵੇਗਾ।