ਪੱਤਰ ਪ੍ਰੇਰਕ
ਮਾਨਸਾ, 28 ਜੂਨ
ਮਾਲਵਾ ਖੇਤਰ ਵਿੱਚ ਮੀਂਹਾਂ ਦੇ ਅੰਬਰੀ ਪਾਣੀ ਨੂੰ ਸਾਂਭਣ ਲਈ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਉਪਰਲਿਆਂ ਦਾ ਮੁਆਇਨਾ ਕਰਨ ਵਾਸਤੇ ਇੱਕ ਕੇਂਦਰੀ ਟੀਮ ਵੱਲੋਂ ਅੱਜ ਮਾਨਸਾ ਜ਼ਿਲ੍ਹੇ ਦੇ ਕਰੀਬ ਡੇਢ ਦਰਜਨ ਪਿੰਡਾਂ ਦਾ ਦੌਰਾਨ ਕੀਤਾ ਗਿਆ। ਟੀਮ ਵੱਲੋਂ ਮੀਂਹ ਦੇ ਪਾਣੀ ਨੂੰ ਸਾਂਭਣ ਦੇ ਨਾਲ-ਨਾਲ ਆਮ ਸ਼ਹਿਰੀ ਤੇ ਪੇਂਡੂ ਲੋਕਾਂ ਵੱਲੋਂ ਪਾਣੀ ਸੁਚੱਜੀ ਵਰਤੋਂ ਕਰਨ ਅਤੇ ਲਗਾਤਾਰ ਪਾਣੀ ਦੇ ਘੱਟ ਰਹੇ ਪੱਧਰ ਨੂੰ ਸਥਿਰ ਰੱਖਣ ਲਈ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਜ਼ਿਲ੍ਹਾ ਅਧਿਕਾਰੀਆਂ ਸਮੇਤ ਆਮ ਲੋਕਾਂ ਤੋਂ ਲਈਆਂ। ਇਸ ਟੀਮ ਨਾਲ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਮੌਜੂਦ ਸਨ, ਜਿੰਨ੍ਹਾਂ ਵੱਲੋਂ ਜਾਇਜ਼ਾ ਲੈਣ ਲਈ ਪਹੁੰਚੇ ਕੇਂਦਰ ਨੋਡਲ ਅਫ਼ਸਰ ਸੁਮਨ ਚਟਰਜੀ ਤੇ ਵਿਦਿਆ ਨੰਦ ਨੇਗੀ ਵੱਲੋਂ ਪਾਣੀ ਦੀ ਸਾਂਭ-ਸੰਭਾਲ ਲਈ ਜਲ ਸ਼ਕਤੀ ਅਭਿਆਨ-2 (ਕੈਚ ਦ ਰੇਨ ਕੰਪੇਨ) ਨੂੰ ਵੱਖ-ਵੱਖ ਇਲਾਕਿਆਂ ਦੀ ਭੋਗੂਲਿਕ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਕੇਂਦਰੀ ਟੀਮ ਦੇ ਅਧਿਕਾਰੀਆਂ ਵੱਲੋਂ ਪਿੰਡ ਜਵਾਹਰਕੇ, ਨੰੰਗਲ ਖੁਰਦ, ਬਰਨਾਲਾ, ਬੋੜਾਵਾਲ, ਹਸਨਪੁਰ, ਚੱਕ ਭਾਈਕੇ, ਦੋਦੜਾ, ਧਲੇਵਾਂ, ਹੀਰੋ ਕਲਾਂ, ਖੀਵਾ ਖੁਰਦ, ਕੋਟੜਾ ਕਲਾਂ, ਖਿਆਲਾ ਕਲਾਂ, ਭੈਣੀ ਬਾਘਾ, ਖੋਖਰ ਕਲਾਂ ਪਿੰਡਾਂ ’ਚ ਜਲ ਸ਼ਕਤੀ ਕੇਂਦਰ, ਪਲਾਂਟੇਸ਼ਨ ਖੇਤਰ, ਨਹਿਰਾਂ ਦੀ ਸਾਂਭ ਸੰਭਾਲ, ਮਾਡਲ ਪੌਂਡ,ਅਮਿ੍ਰਤ ਸਰੋਵਰ ਸਾਈਟਸ, ਡਰੇਨਜ਼ ਦੇ ਕੰਮ, ਨੇਚਰ ਪਾਰਕ, ਨਰਸਰੀਆਂ, ਸੋਕਪਿੱਟ ਤੇ ਵਾਟਰ ਰੀਚਾਰਜ਼,ਸੜਕਾਂ ਦੇ ਕਿਨਾਰਿਆਂ ਦੇ ਪਲਾਂਟੇਸ਼ਨ ਆਦਿ ਦੇ ਕੰਮਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਦੀ ਮੌਜੂਦਗੀ ’ਚ ਕੇਂਦਰੀ ਟੀਮ ਨੂੰ ਜ਼ਿਲ੍ਹੇ ਅੰਦਰ ਮੀਂਹ ਦੇ ਪਾਣੀ ਨੂੰ ਸਾਂਭਣ, ਆਮ ਲੋਕਾਂ ਨੂੰ ਪਾਣੀ ਦੀ ਸੁਚੱਜੀ ਵਰਤੋਂ ਕਰਨ, ਜ਼ਿਲਾ ਪ੍ਰਸ਼ਾਸਨ ਵੱਲੋਂ ਪਾਣੀ ਦੇ ਲਗਾਤਾਰ ਘੱਟ ਰਹੇ ਪੱਧਰ ਨੂੰ ਸਥਿਰ ਰੱਖਣ ਲਈ ਵੱਧ ਤੋਂ ਵੱਧ ਦਰੱਖਤ ਲਗਾਉਣ ਆਦਿ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਕੇਂਦਰੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਮਾਨਸਾ ਨੂੰ ਹਰਿਆ-ਭਰਿਆ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਹਰ ਵਰਗ ਨੂੰ ਵੱਧ ਤੋਂ ਵੱਧ ਪੌਦੇ ਲਗਾਕੇ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਣੀ ਦੀ ਸਾਂਭ-ਸੰਭਾਲ ਲਈ ਪਿੰਡਾਂ ਅਤੇ ਸ਼ਹਿਰਾਂ ’ਚ ਲੋਕਾਂ ਨੂੰ ਜਾਗਰੂਕ ਕਰਨਾ ਸਮੇਂ ਦੀ ਲੋੜ ਹੈ।