ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਪਰੈਲ
ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਨੇ ਕਣਕ ਦੀ ਗੁਣਵੱਤਾ ਘੋਖਣ ਲਈ ਨਮੂਨੇ ਲੈਣ ਦੀ ਸੁਰੂਆਤ ਕਰ ਦਿੱਤੀ ਹੈ। ਕੇਂਦਰੀ ਟੀਮਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਮੰਡੀਆਂ ਦਾ ਦੌਰਾ ਕਰਕੇ ਕਣਕ ਦਾਣਾ ਸੁੰਗੜਨ ਜਾਇਜ਼ਾ ਲਿਆ ਜਾ ਰਿਹਾ ਹੈ। ਸੂਬੇ ਦੇ ਕਿਸਾਨਾਂ ਦੀ ਰਾਹਤ ਲਈ ਟੇਕ ਹੁਣ ਕੇਂਦਰੀ ਟੀਮਾਂ ’ਤੇ ਹੈ। ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਦੀ ਵਿੱਤੀ ਮਾਰ ਪਏਗੀ।
ਜ਼ਿਲ੍ਹੇ ’ਚ ਕੇਂਦਰੀ ਸਹਾਇਕ ਡਾਇਰੈਕਟਰ ਖੇਤੀਬਾੜੀ ਆਰ.ਕੇ. ਸਾਹੀ ਦੀ ਟੀਮ ਨੇ ਨਮੂਨੇ ਇਕੱਤਰ ਕੀਤੇ। ਉਨ੍ਹਾਂ ਆਖਿਆ ਕਿ ਉਹ ਦੋ ਦਿਨਾਂ ਵਿੱਚ ਸਾਰੇ ਨਮੂਨੇ ਭਰਕੇ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੀਆਂ। ਉਨ੍ਹਾਂ ਕਿਹਾ ਕਿ ਇਸ ਵਾਰ ਆਲਮੀ ਤਪਸ਼ ਕਾਰਨ ਮਹੀਨਾ ਪਹਿਲਾਂ ਜ਼ਿਆਦਾ ਗਰਮੀ ਪੈਣ ਕਾਰਨ ਪੰਜਾਬ ’ਚ ਕਣਕ ਦਾ ਝਾੜ ਘੱਟ ਹੋਣ ਕਣਕ ਦਾਣਾ ਸੁੰਗੜਨ ਦੀ ਸ਼ਿਕਾਇਤ ਸੀ। ਉਨ੍ਹਾਂ ਅਜੀਤਵਾਲ ਮੰਡੀ ’ਚੋਂ ਕਣਕ ਦੀਆਂ 10 ਢੇਰੀਆਂ ਤੋਂ ਨਮੂਨੇ ਲਏ। ਇਸ ਮੌਕੇ ਫ਼ਿਰੋਜ਼ਪੁਰ ਤੋਂ ਖੁਰਾਕ ਤੇ ਸਿਵਲ ਸਪਲਾਈਜ਼ ਡਿਪਟੀ ਡਾਇਰੈਕਟਰ ਮੰਗਲ ਦਾਸ ਐਫ਼ਸੀਆਈ ਤੇ ਕੁਆਲਿਟੀ ਕੰਟਰੋਲ ਅਧਿਕਾਰੀ ਚਮਨ ਨਿਧਾਨ, ਜ਼ਿਲ੍ਹਾ ਮੈਨੇਜਰ ਐਫਸੀਆਈਆਈ ਪੰਕਜ ਕੁਮਾਰ ਸੰਘਾਰੀਆ, ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਸਰਤਾਜ਼ ਸਿੰਘ ਚੀਮਾ ਹਾਜ਼ਰ ਸਨ।
ਪੰਜਾਬ ਦੇ ਕਿਸਾਨਾਂ ਦੀ ਟੇਕ ਹੁਣ ਕੇਂਦਰੀ ਟੀਮਾਂ ’ਤੇ ਹੈ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਕੇਂਦਰ ਸਰਕਾਰ ਨੇ ਰਾਹਤ ਬਾਰੇ ਫ਼ੈਸਲਾ ਲੈਣਾ ਹੈ।
ਇਸ ਵਾਰ ਮਾਰਚ ’ਚ ਪਈ ਗਰਮੀ ਨੇ ਕਣਕ ਦੀ ਫ਼ਸਲ ਨੂੰ ਢਾਹ ਲਾਈ ਹੈ। ਵਧੇ ਤਾਪਮਾਨ ਕਾਰਨ ਕਣਕ ਦੇ ਦਾਣੇ ਸੁੰਗੜ ਗਏ ਹਨ ਤੇ ਫ਼ਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਪਿਆ ਹੈ ਜਿਸ ਕਰ ਕੇ ਕਣਕ ਦਾ ਝਾੜ 15 ਤੋਂ 25 ਫ਼ੀਸਦੀ ਤੱਕ ਘਟ ਗਿਆ ਹੈ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਜਦੋਂ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ’ਚ ਤੌਖਲੇ ਖੜ੍ਹੇ ਹੋ ਗਏ ਸਨ ਕਿਉਂਕਿ ਮੁੱਢਲੀ ਜਾਂਚ ਵਿੱਚ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹੋਏ ਪਾਏ ਗਏ। ਜਦੋਂਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ 6 ਛੇ ਫ਼ੀਸਦੀ ਤੱਕ ਦੀ ਹੈ।