ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 5 ਜੁਲਾਈ
ਕੁਝ ਮਹੀਨੇ ਪਹਿਲਾਂ ਜ਼ਿਮਨੀ ਚੋਣ ਜਿੱਤ ਕੇ ਜਲਾਲਾਬਾਦ ਤੋਂ ਕਾਂਗਰਸ ਦੇ ਵਿਧਾਇਕ ਬਣੇ ਰਮਿੰਦਰ ਸਿੰਘ ਆਵਲਾ ਭਾਵੇਂ 2022 ਲਈ ਆਪਣੀ ਸੀਟ ਪੱਕੀ ਕਰਨ ਨੂੰ ਲੈ ਕੇ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਮੌਜੂਦਾ ਸਮੇਂ ਵਿੱਚ ਮਾਰਕੀਟ ਕਮੇਟੀ ਦੀ ਚੇਅਰਮੈਨੀ ਨੂੰ ਲੈ ਕੇ ਜਲਾਲਾਬਾਦ ਦੀ ਕਾਂਗਰਸ ਵਿੱਚ ਬਣੇ ਗ੍ਰਹਿ ਯੁੱਧ ਦੇ ਆਸਾਰ ਉਨ੍ਹਾਂ ਦਾ 2022 ਵਾਲਾ ਸੁਪਨਾ ਧੁੰਦਲਾ ਕਰਦੇ ਨਜ਼ਰ ਆ ਰਹੇ ਹਨ। ਵਿਧਾਇਕ ਦੇ ਸਾਹਮਣੇ ਜਲਾਲਾਬਾਦ ਦੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਉਣ ਨੂੰ ਲੈ ਕੇ ਵੱਡੀ ਚੁਣੌਤੀ ਖੜ੍ਹੀ ਨਜ਼ਰ ਆ ਰਹੀ ਹੈ। ਇਸ ਚੇਅਰਮੈਨੀ ਨੂੰ ਹਾਸਲ ਕਰਨ ਲਈ ਭਾਵੇਂ ਵੱਖ-ਵੱਖ ਬਰਾਦਰੀਆਂ ਦੇ ਆਗੂ ਮੈਦਾਨ ਵਿੱਚ ਹਨ ਪਰ ਰਾਏ ਸਿੱਖ ਬਿਰਾਦਰੀ ਇਸ ਚੇਅਰਮੈਨੀ ਨੂੰ ਲੈ ਕੇ ਵਿਧਾਇਕ ਦੇ ਸਾਹਮਣੇ ਅੜ ਗਈ ਹੈ ਅਤੇ ਬਿਰਾਦਰੀ ਨੇ ਵਿਧਾਇਕ ਨੂੰ ਸਾਫ਼ ਤੌਰ ’ਤੇ ਕਹਿ ਦਿੱਤਾ ਹੈ ਕਿ ਜਾ ਤਾਂ ਬਰਾਦਰੀ ਦੇ ਸੀਨੀਅਰ ਆਗੂ ਬਲਕਾਰ ਸਿੰਘ ਧਰਮੂ ਵਾਲਾ ਜਲਾਲਾਬਾਦ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਣਨਗੇ ਨਹੀਂ ਤਾਂ ਬਿਰਾਦਰੀ ਦੇ 70 ਦੇ ਕਰੀਬ ਸਰਪੰਚ ਇੱਕੋ ਸਮੇਂ ਕਾਂਗਰਸ ਛੱਡ ਦੇਣਗੇ।
ਦੱਸਣਯੋਗ ਹੈ ਕਿ ਕੁਝ ਦਿਨਾਂ ਤੋਂ ਹਲਕੇ ਵਿੱਚ ਚਰਚਾ ਚੱਲ ਰਹੀ ਹੈ ਕਿ ਆਵਲਾ ਪਰਿਵਾਰ ਵੱਲੋਂ ਕੰਬੋਜ ਬਰਾਦਰੀ ਨਾਲ ਸੰਬੰਧਤ ਇਕ ਸੀਨੀਅਰ ਆਗੂ ਨੂੰ ਮਾਰਕੀਟ ਕਮੇਟੀ ਜਲਾਲਾਬਾਦ ਦਾ ਚੇਅਰਮੈਨ ਬਣਾਉਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਜਦੋਂ ਇਹ ਚਰਚਾ ਰਾਏ ਸਿੱਖ ਬਿਰਾਦਰੀ ਤੱਕ ਪਹੁੰਚੀ ਤਾਂ ਉਨ੍ਹਾਂ ਜਲਾਲਾਬਾਦ ਵਿੱਚ ਇੱਕ ਮੀਟਿੰਗ ਬੁਲਾਈ, ਜਿਸ ਵਿੱਚ ਇਸ ਬਾਰੇ ਵਿਚਾਰ ਕੀਤਾ ਗਿਆ। ਸਰਪੰਚ ਯੂਨੀਅਨ ਦੇ ਪ੍ਰਧਾਨ ਛਿੰਦਰ ਸਿੰਘ ਮਹਾਲਮ ਨੇ ਦੱਸਿਆ ਕਿ ਮੀਟਿੰਗ ਵਿੱਚ ਦੋ ਦਰਜਨ ਤੋਂ ਵਧ ਸਰਪੰਚ ਸ਼ਾਮਲ ਹੋਏ ਸਨ ਅਤੇ ਸਾਰਿਆਂ ਨੇ ਹੀ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਕਿ ਜੇਕਰ ਆਵਲਾ ਪਰਿਵਾਰ ਨੇ ਬਲਕਾਰ ਸਿੰਘ ਨੂੰ ਚੇਅਰਮੈਨ ਨਾ ਬਣਾਇਆ ਤਾਂ ਰਾਏ ਸਿੱਖ ਬਿਰਾਦਰੀ ਦੇ 70 ਦੇ ਕਰੀਬ ਸਰਪੰਚ ਕਾਂਗਰਸ ਛੱਡ ਦੇਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਭਾਵੇਂ 30 ਦੇ ਕਰੀਬ ਸਰਪੰਚ ਸ਼ਾਮਲ ਹੋਏ ਸਨ ਪਰ ਬਾਕੀ ਸਰਪੰਚਾਂ ਨਾਲ ਵੀ ਉਨ੍ਹਾਂ ਦੀ ਗੱਲ ਹੋ ਚੁੱਕੀ ਹੈ ਅਤੇ ਉਹ ਵੀ ਇਸ ਫ਼ੈਸਲੇ ਵਿੱਚ ਬਰਾਦਰੀ ਦੇ ਨਾਲ ਖੜ੍ਹੇ ਹਨ।
ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ: ਆਵਲਾ
ਵਿਧਾਇਕ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਉਨ੍ਹਾਂ ਤੱਕ ਅਜਿਹੀ ਕੋਈ ਸੂਚਨਾ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪੂਰੀ ਤਰ੍ਹਾਂ ਇਕਜੁੱਟ ਹੈ ਅਤੇ ਹਮੇਸ਼ਾ ਇੱਕਜੁੱਟ ਹੀ ਰਹੇਗੀ।