ਨਿੱਜੀ ਪੱਤਰ ਪ੍ਰੇਰਕ
ਮਲੋਟ, 25 ਜੂਨ
ਬਲਾਕ ਕਾਂਗਰਸ ਮਲੋਟ ਦੇ ਦਿਹਾਤੀ ਪ੍ਰਧਾਨ ਭੁਪਿੰਦਰ ਸਿੰਘ ਰਾਮਨਗਰ ਨੇ ਮਾਰਕੀਟ ਕਮੇਟੀ ਮਲੋਟ ਦਾ ਚੇਅਰਮੈਨ, ਮਲੋਟ ਹਲਕੇ ਤੋਂ ਬਾਹਰ ਦਾ ਵਿਅਕਤੀ ਲਾਉਣ ’ਤੇ ਪਾਰਟੀ ਹਾਈਕਮਾਂਡ ’ਤੇ ਸਖਤ ਇਤਰਾਜ ਪ੍ਰਗਟ ਕੀਤਾ ਹੈ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਲੰਬੀ ਹਲਕੇ ਨਾਲ ਸਬੰਧਤ ਰਛਪਾਲ ਸਿੰਘ ਨਾਮ ਦੇ ਵਿਅਕਤੀ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਅਤੇ ਉਕਤ ਭੁਪਿੰਦਰ ਸਿੰਘ ਰਾਮਨਗਰ ਨੂੰ ਉੱਪ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਸੀ ਜਦਕਿ ਭੁਪਿੰਦਰ ਸਿੰਘ ਚੇਅਰਮੈਨ ਦੇ ਅਹੁਦੇ ’ਤੇ ਆਪਣਾ ਹੱਕ ਜਤਾਉਂਦਾ ਸੀ, ਜਿਸ ਦੇ ਰੋਸ ਵਜੋਂ ਉਨ੍ਹਾਂ ਮਲੋਟ ਹਲਕੇ ਦੇ ਦਿਹਾਤੀ ਪ੍ਰਧਾਨ ਅਤੇ ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਦੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਆਮ ਵਰਕਰ ਵਾਂਗ ਪਾਰਟੀ ਨਾਲ ਰਹਿਣ ਦੀ ਗੱਲ ਕੀਤੀ। ਭੁਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਖੇਤਰ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਟਿੱਕੂ ਨੂੰ ਗੁੰਮਰਾਹ ਕਰ ਕੇ ਇਹ ਗਲਤ ਚੋਣ ਕਰਵਾਈ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਮਾਰਕੀਟ ਕਮੇਟੀ ਮਲੋਟ ਦਾ ਚੇਅਰਮੈਨ ਮਲੋਟ ਹਲਕੇ ਦਾ ਰਿਹਾ ਹੈ ਅਤੇ ਪਹਿਲੀ ਵਾਰ ਬਾਹਰ ਦੇ ਵਿਅਕਤੀ ਦੀ ਚੋਣ ਕਰਕੇ ਪਾਰਟੀ ਹਾਈਕਮਾਂਡ ਨੇ ਮਲੋਟ ਨਾਲ ਧੱਕਾ ਕੀਤਾ ਹੈ। ਉਕਤ ਮਸਲੇ ਸਬੰਧੀ ਡਿਪਟੀ ਸਪੀਕਰ ਅਤੇ ਮਲੋਟ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦਾ ਕਹਿਣਾ ਸੀ ਕਿ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਚੋਣ ’ਤੇ ਹੱਕ ਤਾਂ ਮਲੋਟ ਦਾ ਹੀ ਬਣਦਾ ਸੀ ਪਰ ਉਹ ਹਾਈਕਮਾਂਡ ਦੇ ਹੁਕਮਾਂ ਦਾ ਵੀ ਸਤਿਕਾਰ ਕਰਦੇ ਹਨ।